Paddy Procurement: ਮੰਡੀਆਂ ’ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ
ਮੌਨਸੂਨ ਘੱਟ ਰਹਿਣ ਕਾਰਨ ਪਹਿਲਾਂ ਪੱਕੀ ਫ਼ਸਲ; ਜ਼ਿਲ੍ਹੇ ਭਰ ’ਚ 17.25 ਲੱਖ ਟਨ ਖ਼ਰੀਦ ਦਾ ਟੀਚਾ
ਇੱਥੇ ਅੱਜ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਮੰਡੀਆਂ ਦਾ ਦੌਰਾ ਕਰ ਕੇ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਝੋਨੇ ਦੀ ਖ਼ਰੀਦ ਪ੍ਰਕਿਰਿਆ ਦਾ ਰਸਮੀ ਆਗਾਜ਼ ਕਰਵਾਇਆ। ਐਤਕੀਂ ਮੌਨਸੂਨ ਦੌਰਾਨ ਮੀਂਹ ਘੱਟ ਪੈਣ ਅਤੇ ਮੌਸਮ ਖ਼ੁਸ਼ਕ ਰਹਿਣ ਕਰ ਕੇ ਝੋਨੇ ਦੀ ਫ਼ਸਲ ਸਮੇਂ ਤੋਂ ਪਹਿਲਾਂ ਪੱਕ ਗਈ ਹੈ। ਸਿੱਟੇ ਵਜੋਂ ਪਹਿਲੇ ਹੀ ਦਿਨ ਜ਼ਿਲ੍ਹਾ ਲੁਧਿਆਣਾ ਦੀਆਂ ਮੁੱਖ ਅਨਾਜ ਮੰਡੀਆਂ ਸਮਰਾਲਾ, ਖੰਨਾ ਅਤੇ ਲੁਧਿਆਣਾ ਸਣੇ ਕਈ ਥਾਵਾਂ ’ਤੇ ਝੋਨੇ ਦੀ ਆਮਦ ਸ਼ੁਰੂ ਹੋ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਚਾਰੂ ਖ਼ਰੀਦ ਯਕੀਨੀ ਬਣਾਉਣ ਲਈ 109 ਖ਼ਰੀਦ ਕੇਂਦਰ (ਮੰਡੀਆਂ) ਸਥਾਪਤ ਕੀਤੇ ਗਏ ਹਨ। ਇਸ ਚਾਲੂ ਸੀਜ਼ਨ ਦੌਰਾਨ ਜ਼ਿਲ੍ਹੇ ਭਰ ਵਿੱਚੋਂ 17.25 ਲੱਖ ਮੀਟ੍ਰਿਕ ਟਨ ਝੋਨਾ ਖ਼ਰੀਦਣ ਦਾ ਟੀਚਾ ਮਿਥਿਆ ਗਿਆ ਹੈ। ਆੜ੍ਹਤੀ ਐਸੋਸੀਏਸ਼ਨ ਨੇ ਦੱਸਿਆ ਕਿ ਮੰਡੀ ਵਿੱਚ ਪਹਿਲੇ ਦਿਨ ਸ਼ਾਮ ਤੱਕ ਲਗਪਗ 10 ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦ ਹੋਣ ਦਾ ਅੰਦਾਜ਼ਾ ਹੈ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਜੋਂ ਜਾਣੇ ਜਾਂਦੀ ਖੰਨਾ ਮੰਡੀ ਵਿੱਚ ਅੱਜ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਮਾਰਕੀਟ ਕਮੇਟੀ ਚੇਅਰਮੈਨ ਜਗਤਾਰ ਸਿੰਘ ਗਿੱਲ ਅਤੇ ਯਾਦਵਿੰਦਰ ਸਿੰਘ ਲਿਬੜਾ ਨੇ ਕਿਸਾਨ ਗੁਰਪ੍ਰੀਤ ਸਿੰਘ ਤੇ ਸੁਖਦੇਵ ਸਿੰਘ ਪਿੰਡ ਸਲਾਣਾ ਦੀ ਪਹਿਲੀ ਢੇਰੀ ਦਾ ਐੱਮ ਐੱਸ ਪੀ ਭਾਅ 2461 ਰੁਪਏ ਨਾਲ ਖਰੀਦ ਕਰ ਕੇ ਉਦਘਾਟਨ ਕਰਵਾਇਆ ਗਿਆ। ਮਾਰਕੀਟ ਕਮੇਟੀ ਸਕੱਤਰ ਕਮਲਦੀਪ ਸਿੰਘ ਮਾਨ ਨੇ ਕਿਹਾ ਕਿ ਮੰਡੀ ਵਿਚ ਝੋਨੇ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।
ਆੜ੍ਹਤੀਆਂ ਨੇ ਤਿੰਨ ਸਮੱਸਿਆਵਾਂ ਦੱਸੀਆਂ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਇੱਥੇ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਦਾ ਉਦਘਾਟਨ ਐੱਸ ਡੀ ਐੱਮ ਸਮਰਾਲਾ ਗੁਰਸਿਮਰਨਜੀਤ ਕੌਰ ਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕੀਤਾ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਅਤੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅੱਗੇ 3 ਪ੍ਰਮੁੱਖ ਸਮੱਸਿਆਵਾਂ ਰੱਖੀਆਂ ਜਿਨ੍ਹਾਂ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਆੜ੍ਹਤੀਆਂ ਨੇ ਕਿਹਾ ਕਿ ਸ਼ੈਲਰ ਮਾਲਕਾਂ ਵੱਲੋਂ ਮੰਡੀਆਂ ’ਚੋਂ ਹਾਈਬ੍ਰਿਡ ਖਰੀਦਿਆ ਝੋਨਾ ਛੜਾਈ ਲਈ ਚੁੱਕਣ ਤੋਂ ਇਨਕਾਰ ਕੀਤਾ ਹੋਇਆ ਹੈ। ਨਵੇਂ ਨਿਯਮਾਂ ਅਨੁਸਾਰ ਕਿਸਾਨ ਵੱਲੋਂ ਝੋਨੇ ਦੀ ਵਿਕਰੀ ਸਮੇਂ ਉਸ ਦੀ ਮੌਜੂਦਗੀ ਵਿੱਚ ਖਰੀਦ ਏਜੰਸੀ ਦੇ ਇੰਸਪੈਕਟਰ ਤੇ ਆੜ੍ਹਤੀ ਦੀ ਫੋਟੋ ਹੋਵੇਗੀ ਤਾਂ ਹੀ ਖਰੀਦ ਹੋਵੇਗੀ। ਇਸ ਨਾਲ ਆੜ੍ਹਤੀਆਂ ਤੇ ਕਿਸਾਨਾਂ ਨੂੰ ਵੱਡੀ ਮੁਸ਼ਕਲ ਆਵੇਗੀ। ਉਨ੍ਹਾਂ ਕਿਹਾ ਕਿ ਮਾਲਵੇ ਤੇ ਦੋਆਬੇ ਨੂੰ ਜੋੜਨ ਵਾਲਾ ਸਤਲੁਜ ਪੁਲ ’ਤੇ ਲੱਗੇ ਗਾਰਡਰਾਂ ਨੂੰ ਥੋੜ੍ਹਾ ਜਿਹਾ ਉੱਚਾ ਕੀਤਾ ਜਾਵੇ। ਇਸ ਦੌਰਾਨ ਐੱਸ ਡੀ ਐੱਮ ਨੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ।

