Outsourced Workers Recruitment: ਭਾਜਪਾ ਆਗੂਆਂ ਨੇ ਮੇਅਰ ਦਾ ਦਫ਼ਤਰ ਘੇਰਿਆ
1208 ਆੳੂਟਸੋਰਸ ਸਫ਼ਾਈ ਮੁਲਾਜ਼ਮਾਂ ਦੀ ਭਰਤੀ ਦਾ ਮਾਮਲਾ; ਮੁਲਾਜ਼ਮਾਂ ਦਾ ਸਮੁੱਚਾ ਰਿਕਾਰਡ ਜਨਤਕ ਕਰਨ ਦੀ ਮੰਗ
ਨਗਰ ਨਿਗਮ ਲੁਧਿਆਣਾ ਵਿੱਚ 1208 ਆਊਟਸੋਰਸ ਸਫ਼ਾਈ ਮੁਲਾਜ਼ਮਾਂ ਦੀ ਪੱਕੀ ਭਰਤੀ ਸਬੰਧੀ ਅੱਜ ਭਾਜਪਾ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੁਨੀਲ ਮੌਦਗਿਲ ਦੀ ਅਗਵਾਈ ਹੇਠ ਪਾਰਟੀ ਦੇ ਕੌਂਸਲਰਾਂ ਵੱਲੋਂ ਮੇਅਰ ਕੈਂਪ ਹਾਊਸ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਆਗੂਆਂ ਨੇ ਮੰਗ ਕੀਤੀ ਕਿ ਆਊਟਸੋਰਸ ਆਧਾਰ ’ਤੇ ਰੱਖੇ 1208 ਸਫ਼ਾਈ ਮੁਲਾਜ਼ਮਾਂ ਨੂੰ ਪੂਰੀ ਜਾਂਚ-ਪੜਤਾਲ ਤੋਂ ਬਿਨਾਂ ਪੱਕਾ ਨਾ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਨੇ ਕਿਹਾ ਕਿ ਨਿਗਮ ਵੱਲੋਂ 1208 ਸਫ਼ਾਈ ਮੁਲਾਜ਼ਮ ਆਊਟਸੋਰਸਿੰਗ ਜ਼ਰੀਏ ਨਿਯੁਕਤ ਕੀਤੇ ਗਏ ਹਨ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਮੁਲਾਜ਼ਮ ਅਸਲ ਵਿੱਚ ਕਿੱਥੇ ਅਤੇ ਕਿਹੜੇ-ਕਿਹੜੇ ਵਾਰਡਾਂ ਵਿੱਚ ਸਫ਼ਾਈ ਦਾ ਕੰਮ ਕਰ ਰਹੇ ਹਨ। ਇਸ ਬਾਰੇ ਨਗਰ ਨਿਗਮ ਕੋਲ ਵੀ ਕੋਈ ਸਪੱਸ਼ਟ ਤੇ ਪੁਖ਼ਤਾ ਰਿਕਾਰਡ ਉਪਲਬਧ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਸਮੂਹ ਮੁਲਾਜ਼ਮਾਂ ਦਾ ਪੂਰਾ ਵੇਰਵਾ, ਵਾਰਡ ਵਾਈਜ਼ ਤਾਇਨਾਤੀ, ਡਿਊਟੀ ਵਾਲੀ ਥਾਂ ਅਤੇ ਹਾਜ਼ਰੀ ਦਾ ਰਿਕਾਰਡ ਤੁਰੰਤ ਜਨਤਕ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ ਕਿ ਸੱਤਾਧਾਰੀ ਧਿਰ ਦੇ ਆਪਣੇ ਕੌਂਸਲਰਾਂ ਤੱਕ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਦੇ ਵਾਰਡਾਂ ਵਿੱਚ ਕਿੰਨੇ ਆਊਟਸੋਰਸ ਸਫ਼ਾਈ ਮੁਲਾਜ਼ਮ ਤਾਇਨਾਤ ਹਨ। ਇੰਨੇ ਸਫ਼ਾਈ ਸੇਵਕਾਂ ਦੇ ਬਾਵਜੂਦ ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੈ।
ਇਸ ਧਰਨੇ ਦੌਰਾਨ ਭਾਜਪਾ ਕੌਂਸਲਰ ਦਲ ਦੀ ਆਗੂ ਪੂਨਮ ਰਤੜਾ, ਉਪਨੇਤਾ ਰੋਹਿਤ ਸਿੱਕਾ, ਕੌਂਸਲਰ ਸੁਮਨ ਵਰਮਾ, ਰੁਚੀ ਵਿਸ਼ਾਲ ਗੁਲਾਟੀ, ਪੱਲਵੀ ਵਿਪਨ ਵਿਨਾਇਕ, ਗੌਰਵ ਜੀਤ ਗੋਰਾ, ਸੁਨੀਤਾ ਸ਼ਰਮਾ, ਰਾਜ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਹਰਸ਼ ਸ਼ਰਮਾ, ਸ਼ੀਨੂ ਚੁੱਘ, ਕੈਲਾਸ਼ ਚੌਧਰੀ, ਮੀਤ ਪ੍ਰਧਾਨ ਨਰਿੰਦਰ ਸਿੰਘ ਮੱਲੀ, ਦਵਿੰਦਰ ਜੱਗੀ, ਜ਼ਿਲ੍ਹਾ ਸਕੱਤਰ ਵਿੱਕੀ ਸਹੋਤਾ, ਕਸ਼ਿਸ਼ ਰਤੜਾ, ਮੋਹਿਤ ਸਿੱਕਾ ਹਾਜ਼ਰ ਸਨ।
ਮੁਲਾਜ਼ਮਾਂ ਦੀ ਸੂਚੀ ’ਚ ਵਿਧਾਇਕ ਬੱਗਾ ਦਾ ਭਤੀਜਾ ਸ਼ਾਮਲ: ਸਿੱਕਾ
ਇਸ ਦੌਰਾਨ ਭਾਜਪਾ ਕੌਂਸਲਰ ਰੋਹਿਤ ਸਿੱਕਾ ਨੇ ਭਰਤੀ ਪ੍ਰਕਿਰਿਆ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਇਨ੍ਹਾਂ 1208 ਮੁਲਾਜ਼ਮਾਂ ਦੀ ਸੂਚੀ ਵਿੱਚ ਵਿਧਾਇਕ ਬੱਗਾ ਦਾ ਭਤੀਜਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੇ ਇਹ ਦੋਸ਼ ਗ਼ਲਤ ਸਾਬਤ ਹੁੰਦੇ ਹਨ ਤਾਂ ਉਹ ਸਭ ਦੇ ਸਾਹਮਣੇ ਮੁਆਫ਼ੀ ਮੰਗਣ ਲਈ ਤਿਆਰ ਹਨ। ਉਨ੍ਹਾਂ ਇਸ ਸਬੰਧੀ ਪੋਸਟ ਵੀ ਜਨਤਕ ਕਰਦਿਆਂ ਕਿਹਾ ਕਿ ਇੱਕ ਮੁਲਾਜ਼ਮ ਦੀ ਪਛਾਣ ਤਾਂ ਹੋ ਚੁੱਕੀ ਹੈ, ਹੁਣ ਮੇਅਰ ਅਤੇ ਪ੍ਰਸ਼ਾਸਨ ਬਾਕੀ ਮੁਲਾਜ਼ਮਾਂ ਦਾ ਪੂਰਾ ਵੇਰਵਾ ਸਾਹਮਣੇ ਰੱਖਣ।

