ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 18 ਜਨਵਰੀ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਕਿਸਾਨ ਸੰਘਰਸ਼ ਇਲਾਕੇ ਦੇ ਪਿੰਡਾਂ ਵੱਲੋਂ ਅਹਿਮ ਯੋਗਦਾਨ ਕਰ ਕੇ ਧੰਨਵਾਦ ਤੇ ਜਥੇਬੰਦੀਆਂ ਰੈਲੀਆਂ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ’ਚ ਅੱਜ ਚੌਕੀਮਾਨ ਨੇੜਲੇ ਦੋ ਪਿੰਡਾਂ ਪੱਬੀਆਂ ਤੇ ਕੁਲਾਰ ’ਚ ਕਿਸਾਨਾਂ ਦੀ ਇਕੱਤਰਤਾ ਹੋਈ। ਇਸ ’ਚ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚਾ ਦੀ ਮਾਰਗ ਦਿਸ਼ਾ ਅਤੇ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿਧਾਨ ਸਭਾ ਚੋਣਾਂ ’ਚ ਨਾ ਹਿੱਸਾ ਲੈਣ ਅਤੇ ਨਾ ਹੀ ਕਿਸੇ ਦੀ ਹਮਾਇਤ ਕਰਨ ਦਾ ਹੋਕਾ ਦਿੱਤਾ। ਪਿੰਡ ਕੁਲਾਰ ਪਿੰਡ ’ਚ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦਾ ਭਰਵਾਂ ਇਕੱਠ ਕੀਤਾ ਗਿਆ ਜਿਸ ਨੂੰ ਯੂਨੀਅਨ ਦੇ ਆਗੂਆਂ ਜਸਦੇਵ ਸਿੰਘ ਲਲਤੋਂ, ਇੰਦਰਜੀਤ ਸਿੰਘ ਖਾਲਸਾ, ਗੁਰਮੇਲ ਸਿੰਘ ਕੁਲਾਰ, ਸਰਵਿੰਦਰ ਸਿੰਘ ਸੁਧਾਰ, ਕੈਪਟਨ ਕੁਲਰਾਜ ਸਿੰਘ ਸਿੱਧਵਾਂ, ਜਗਮੋਹਣ ਸਿੰਘ ਸਵੱਦੀ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਕੁਲਾਰ ਤੇ ਪੱਬੀਆਂ ਨੇ ਦਿੱਲੀ ਮੋਰਚੇ ਤੋਂ ਇਲਾਵਾ ਚੌਕੀਮਾਨ ਟੌਲ ਪਲਾਜ਼ੇ ’ਤੇ ਇਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਧਰਨੇ ’ਚ ਜਿਹੜਾ ਯੋਗਦਾਨ ਪਾਇਆ ਉਹ ਸ਼ਲਾਘਾਯੋਗ ਹੈ। ਉਨ੍ਹਾਂ ਪਿੰਡ ’ਚ ਜਥੇਬੰਦੀ ਦੀ ਇਕਾਈ ਨੂੰ ਹੋਰ ਵਿਸ਼ਾਲ ਤੇ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਆਗੂਆਂ ਨੇ ਐਲਾਨ ਕੀਤਾ ਕਿ ਉਹ ਸੰਯੁਕਤ ਕਿਸਾਨ ਮੋਰਚਾ ਦੀਆਂ ਸੇਦਾਂ ਮੁਤਾਬਕ ਮੌਜੂਦਾ ਵਿਧਾਨ ਸਭਾ ਚੋਣਾਂ ’ਚ ਭਾਗ ਨਹੀਂ ਲੈਣਗੇ ਨਾ ਹੀ ਕਿਸੇ ਰਵਾਇਤੀ ਜਾਂ ਨਵੀਂ ਸਿਆਸੀ ਪਾਰਟੀ ਦੀ ਕੋਈ ਹਮਾਇਤ ਕਰਨਗੇ। ਬਲਕਿ ਮੋਰਚੇ ਵੱਲੋਂ ਤੇ ਪੰਜਾਬ ਦੀਆਂ ਸੱਤ ਜਥੇਬੰਦੀਆਂ ਵੱਲੋਂ ਤਿਆਰ ਹੋ ਕੇ ਆ ਰਹੇ ਸੁਆਲਨਾਮੇ ਦੀ ਰੌਸ਼ਨੀ ’ਚ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਸਿਆਸੀ ਨੀਤੀਆਂ ਤੇ ਅਮਲਦਾਰੀ ਸਬੰਧੀ ਢੁੱਕਵੇਂ ਸਵਾਲ ਪੁੱਛਣਗੇ। ਇਸ ਸਮੇਂ ਡਾ. ਗੁਰਮੇਲ ਸਿੰਘ ਪ੍ਰਧਾਨ, ਅਜੀਤ ਸਿੰਘ ਕੁਲਾਰ, ਬਹਾਦਰ ਸਿੰਘ ਕੁਲਾਰ, ਸੁਖਵਿੰਦਰ ਸਿੰਘ ਕੁਲਾਰ, ਨਿਰਭੈ ਸਿੰਘ, ਹਰੀ ਸਿੰਘ ਚਚਰਾੜੀ, ਕਰਤਾਰ ਸਿੰਘ, ਸੁਰਿੰਦਰ ਸਿੰਘ, ਨਰਭਿੰਦਰ ਸਿੰਘ ਸਵੱਦੀ, ਕਰਨੈਲ ਸਿੰਘ ਸਵੱਦੀ, ਸੁਖਜਿੰਦਰ ਸਿੰਘ ਸਵੱਦੀ ਆਦਿ ਹਾਜ਼ਰ ਸਨ।
ਪੱਬੀਆਂ ਇਕਾਈ ਦੀ ਚੋਣ ’ਚ ਖਾਲਸਾ ਪ੍ਰਧਾਨ ਚੁਣੇ
ਇਕੱਤਰਤਾ ਦੌਰਾਨ ਸਮੂਹ ਮੈਂਬਰਾਂ ਨੇ ਪਿੰਡ ਪੱਬੀਆਂ ਦੀ 13 ਮੈਂਬਰੀ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ। ਇਸ ’ਚ ਇੰਦਰਜੀਤ ਸਿੰਘ ਖ਼ਾਲਸਾ ਨੂੰ ਪ੍ਰਧਾਨ, ਗੁਰਮੀਤ ਸਿੰਘ ਵਿੰਦਰ ਨੂੰ ਮੀਤ ਪ੍ਰਧਾਨ, ਲਖਵੀਰ ਸਿੰਘ ਨੂੰ ਸਕੱਤਰ, ਗੁਰਜੀਤ ਸਿੰਘ ਨੂੰ ਸਹਾਇਕ ਸਕੱਤਰ, ਉਪਰਿੰਦਰ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਇਨ੍ਹਾਂ ਚੁਣੇ ਗਏ ਅਹੁਦੇਦਾਰ ਨੇ ਭਰੋਸਾ ਦਿੱਤਾ ਕਿ ਭਵਿੱਖ ’ਚ ਉਲੀਕੇ ਜਾਣ ਵਾਲੇ ਕਿਸਾਨ ਸੰਘਰਸ਼ ’ਚ ਉਹ ਵੱਧ ਚੜ੍ਹ ਕੇ ਹਿੱਸਾ ਪਾਉਣਗੇ।