Operation Prahar: ਪੁਲੀਸ ਵੱਲੋਂ ਇੱਕੋ ਵੇਲੇ 226 ਟਿਕਾਣਿਆਂ ਛਾਪੇ
ਤਡ਼ਕਸਾਰ 4 ਵਜੇ ਕਾਰਵਾੲੀ ਕੀਤੀ; 199 ਮਸ਼ਕੂੁਕ ਕਾਬੂ; 44 ਐੱਫ ਆਈ ਆਰਜ਼ ਦਰਜ
ਲੁਧਿਆਣਾ ਪੁਲੀਸ ਨੇ ‘ਅਪਰੇਸ਼ਨ ਪ੍ਰਹਾਰ 3.0’ ਤਹਿਤ ਜ਼ਿਲ੍ਹੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਤਲਾਸ਼ੀ ਮੁਹਿੰਮ ਚਲਾਈ ਹੈ। ਸ਼ੁੱਕਰਵਾਰ ਤੜਕੇ 4 ਵਜੇ 20 ਉੱਚ ਅਧਿਕਾਰੀਆਂ ਅਤੇ 25 ਥਾਣਾ ਮੁਖੀਆਂ ਦੀ ਅਗਵਾਈ ਹੇਠ 400 ਪੁਲੀਸ ਜਵਾਨਾਂ ਨੇ ਸੰਵੇਦਨਸ਼ੀਲ ਅਪਰਾਧਕ ਹੌਟਸਪਾਟਸ ਨੂੰ ਚੁਫੇਰਿਓਂ ਘੇਰ ਲਿਆ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਡੇਟਾ ਟਰੈਕਿੰਗ ਦੇ ਆਧਾਰ ’ਤੇ ਜ਼ਿਲ੍ਹੇ ਭਰ ਵਿੱਚ ਇੱਕੋ ਵੇਲੇ 226 ਟਿਕਾਣਿਆਂ ’ਤੇ ਛਾਪੇ ਮਾਰੇ ਗਏ, ਜਿਸ ਮਗਰੋਂ ਵੱਖ-ਵੱਖ ਥਾਣਿਆਂ ਵਿੱਚ 44 ਨਵੇਂ ਮੁਕੱਦਮੇ ਦਰਜ ਕੀਤੇ ਗਏ। ਉਨ੍ਹਾਂ ਮੁਤਾਬਕ ਇਸ ਮੁਹਿੰਮ ਦੌਰਾਨ ਕੁੱਲ 199 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਗੰਭੀਰ ਮਾਮਲਿਆਂ ਤਹਿਤ 85 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 114 ਲੋਕਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਹਿਰਾਸਤ ਵਿੱਚ ਲਿਆ ਗਿਆ। ਕਾਰਵਾਈ ਦੌਰਾਨ ਲੰਮੇ ਸਮੇਂ ਤੋਂ ਫ਼ਰਾਰ ਚੱਲ ਰਿਹਾ ਇੱਕ ਇਸ਼ਤਿਹਾਰੀ ਮੁਲਜ਼ਮ ਵੀ ਕਾਬੂ ਆਇਆ ਹੈ।ਛਾਪੇ ਦੌਰਾਨ ਪੁਲੀਸ ਨੇ 3 ਦੇਸੀ ਪਿਸਤੌਲ, 2 ਕਾਰਤੂਸ, 141 ਗ੍ਰਾਮ ਹੈਰੋਇਨ, 10 ਗ੍ਰਾਮ ਆਈਸ ਡਰੱਗ, 217 ਨਸ਼ੀਲੀਆਂ ਗੋਲੀਆਂ ਅਤੇ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਤੋਂ ਇਲਾਵਾ ਵਾਰਦਾਤਾਂ ਵਿੱਚ ਵਰਤੀ ਜਾਣ ਵਾਲੀ ਇੱਕ ਐੱਸ ਯੂ ਵੀ ਗੱਡੀ, 5 ਮੋਟਰਸਾਈਕਲ, 3 ਮੋਬਾਈਲ ਫ਼ੋਨ, ਸੱਟੇ ਦੀ ਨਕਦੀ ਅਤੇ ਨਸ਼ਾ ਕਰਨ ਵਾਲਾ ਸਾਮਾਨ ਵੀ ਜ਼ਬਤ ਕੀਤਾ ਗਿਆ। ਪੁਲੀਸ ਕਮਿਸ਼ਨਰ ਨੇ ਚਿਤਾਵਨੀ ਦਿੱਤੀ ਕਿ ਸ਼ਹਿਰ ਦਾ ਅਮਨ-ਚੈਨ ਭੰਗ ਕਰਨ ਵਾਲੇ ਕਿਸੇ ਵੀ ਗੈਂਗਸਟਰ ਜਾਂ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

