ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਜੁਲਾਈ
ਇੱਥੇ ਸੜਕ ਹਾਦਸਿਆਂ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਔਰਤ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ ਹਨ। ਥਾਣਾ ਡਵੀਜ਼ਨ ਨੰਬਰ ਛੇ ਵਿੱਚ ਸਮਰਾਟ ਕਾਲੋਨੀ ਵਾਸੀ ਵਿੰਦਰ ਮਿਸ਼ਰਾ ਨੇ ਦੱਸਿਆ ਕਿ ਉਸ ਦਾ ਭਰਾ ਜਗਦੀਸ਼ ਮਿਸ਼ਰਾ (42 ਸਾਲ) ਸਵੇਰੇ ਕੰਮ ’ਤੇ ਗਿਆ ਸੀ। ਦਿੱਲੀ-ਲੁਧਿਆਣਾ ਸੜਕ ’ਤੇ ਕਿਸੇ ਵਾਹਨ ਵੱਲੋਂ ਟੱਕਰ ਮਾਰੇ ਜਾਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਥਾਣਾ ਡਵੀਜ਼ਨ ਨੰਬਰ ਛੇ ਵਿੱਚ ਜਨਤਾ ਨਗਰ ਵਾਸੀ ਗੁਰਦੀਪ ਸਿੰਘ ਨੇ ਦੱਸਿਆ ਹੈ ਕਿ ਕਿ ਉਹ ਆਪਣੇ ਵਰਕਰ ਇਕਬਾਲ ਸਿੰਘ ਵਾਸੀ ਨਿਊ ਅਸ਼ੋਕ ਨਗਰ ਨਾਲ ਸਕੂਟਰੀ ’ਤੇ ਸਮਰਾਲਾ ਚੌਕ ਵੱਲੋਂ ਆ ਰਿਹਾ ਸੀ। ਜਦੋਂ ਉਹ ਗਲੀ ਨੰਬਰ 35 ਕੋਲ ਪੁੱਜੇ ਤਾਂ ਤੇਜ਼ ਰਫਤਾਰ ਟਰੈਕਟਰ ਟਰਾਲੀ ਨੇ ਸਕੂਟਰ ਵਿੱਚ ਟੱਕਰ ਮਾਰੀ। ਟਰਾਲੀ ਦਾ ਟਾਇਰ ਉਸ ਦੀ ਲੱਤ ਉੱਪਰੋਂ ਲੰਘ ਗਿਆ। ਟਰੈਕਟਰ ਚਾਲਕ ਮੌਕੇ ਤੋਂ ਟਰੈਕਟਰ ਸਮੇਤ ਫਰਾਰ ਹੋ ਗਿਆ। ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਥਾਣਾ ਮਾਡਲ ਟਾਊਨ ਵਿੱਚ ਰੋਹਿਤ ਕੁਮਾਰ ਵਾਸੀ ਬਾਜਵਾ ਕਾਲੋਨੀ ਧਾਂਦਰਾ ਰੋਡ ਨੇ ਦੱਸਿਆ ਕਿ ਉਹ ਆਪਣੀ ਭੂਆ ਨਾਲ ਸ਼ਾਮ ਛੇ ਵਜੇ ਦੇ ਕਰੀਬ ਐਕਟਿਵਾ ’ਤੇ ਸਵਾਰ ਹੋ ਕੇ ਮਾਡਲ ਟਾਊਨ ਐਕਸਟੈਂਸ਼ਨ ਵੱਲ ਜਾ ਰਿਹਾ ਸੀ। ਜਦੋਂ ਉਹ ਚਰਨਜੀਤ ਸਿੰਘ ਅਟਵਾਲ ਦੀ ਕੋਠੀ ਕੋਲ ਪੁੱਜੇ ਤਾਂ ਕਾਰ ਚਾਲਕ ਔਰਤ ਨੇ ਤੇਜ਼ੀ ਨਾਲ ਕਾਰ ਉਨ੍ਹਾਂ ਵੱਲ ਮੋੜ ਦਿੱਤੀ। 75 ਸਾਲਾ ਬਜ਼ੁਰਗ ਭੂਆ ਹੇਠਾਂ ਡਿੱਗ ਪਈ ਅਤੇ ਉਸ ਦੀ ਲੱਤ ਟੁੱਟ ਗਈ। ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਪੀਬੀ 41 ਵੀ 0065 ਦੀ ਚਾਲਕ ਔਰਤ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।