ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਮੇਲਾ: ਸੀਨੀਅਰ ਵਰਗ ਵਿੱਚ ਮੋਗਾ ਸੈਮੀ ਫਾਈਨਲ ’ਚ
ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਜੂਨ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 15ਵੇਂ ਓਲੰਪੀਅਨ ਪ੍ਰਿੰਥੀਪਾਲ ਸਿੰਘ ਹਾਕੀ ਫੈਸਟੀਵਲ ਤੇ ਲੀਗ ਦੌਰ ਦੇ ਤੀਜੇ ਗੇੜ ਦੇ ਮੈਚਾਂ ਵਿੱਚ ਜਿੱਥੇ ਵਰਤਮਾਨ ਚੈਂਪੀਅਨ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ, ਉਥੇ ਗਿੱਲ ਕਲੱਬ ਘਵੱਦੀ ਅਤੇ ਅਮਰਗੜ੍ਹ ਸੈਂਟਰ ਨੇ ਕੁਆਰਟਰ ਫਾਈਨਲ ਵਿੱਚ ਦਾਖਲਾ ਪਾ ਲਿਆ ਹੈ ਜਦਕਿ ਜੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਸਕੂਲ ਰਾਮਪੁਰ ਛੰਨਾ ਨੇ ਸੈਮੀਫਾਈਨਲ ਵਿੱਚ ਅਤੇ ਏਕ ਨੂਰ ਅਕੈਡਮੀ ਤੇਹਿੰਗ ਕੁਆਰਟਰ ਫਾਈਨਲ ਵਿੱਚ ਪੁੱਜੀ।
ਜਰਖੜ ਖੇਡ ਸਟੇਡੀਅਮ ਵਿੱਚ ਖੇਡੇ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਪਹਿਲੇ ਮੈਚ ਵਿੱਚ ਵਰਤਮਾਨ ਚੈਂਪੀਅਨ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਯੰਗ ਕਲੱਬ ਉਟਾਲਾ ਨੂੰ 10 -5 ਨਾਲ ਹਰਾਇਆ। ਜੇਤੂ ਟੀਮ ਦਾ ਗੁਰਮੁਖ ਸਿੰਘ ਹੀਰੋ ਆਫ ਦਾ ਮੈਚ ਬਣਿਆ ਜਦਕਿ ਦੂਸਰੇ ਮੈਚ ਵਿੱਚ ਗਿੱਲ ਕਲੱਬ ਘਵੱਦੀ ਨੇ ਅਮਰਗੜ੍ਹ ਸੈਂਟਰ ਨੂੰ 7-6 ਗੋਲਾਂ ਨਾਲ ਹਰਾ ਕੇ ਆਪਣੀਆਂ ਜੇਤੂ ਆਸਾਂ ਬਰਕਰਾਰ ਰੱਖੀਆਂ। ਗਿੱਲ ਕਲੱਬ ਘਵੱਦੀ ਦਾ ਅਰਜਨ ਪੰਡਿਤ ਹੀਰੋ ਆਫ ਦਾ ਮੈਚ ਬਣਿਆ। ਜੂਨੀਅਰ ਵਰਗ ਵਿੱਚ ਇਕ ਨੂਰ ਅਕੈਡਮੀ ਨੇ ਹੁਸ਼ਿਆਰਪੁਰ ਨੂੰ 1-0 ਨਾਲ ਹਰਾਇਆ। ਜੇਤੂ ਟੀਮ ਦਾ ਨਵਪ੍ਰੀਤ ਸਿੰਘ ਹੀਰੋ ਆਫ ਦਾ ਮੈਚ ਬਣਿਆ। ਜੂਨੀਅਰ ਵਰਗ ਦੇ ਦੂਜੇ ਮੈਚ ਵਿੱਚ ਅਮਰਗੜ੍ਹ ਦੇ ਨਨਕਾਣਾ ਸਾਹਿਬ ਰਾਮਪੁਰ ਛੰਨਾ ਨੇ ਘਵੱਦੀ ਸਕੂਲ ਨੂੰ 3-0 ਨਾਲ ਹਰਾਇਆ ਰਾਮਪੁਰ ਦਾ ਕਰਨਪ੍ਰੀਤ ਸਿੰਘ ਹੀਰੋ ਆਫ ਦਾ ਮੈਚ ਬਣਿਆ। ਅੱਜ ਦੇ ਮੈਚਾਂ ਦੌਰਾਨ ਹਾਕੀ ਦੇ ਸਾਬਕਾ ਕੌਮੀ ਹਾਕੀ ਖਿਡਾਰੀ ਜਗਜੀਤ ਸਿੰਘ ਦਾਖਾ ਕਲਕੱਤੇ ਵਾਲੇ , ਅੰਤਰਰਾਸ਼ਟਰੀ ਵੇਟ ਲਿਫਟਰ ਹਰਦੀਪ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਮੈਚਾਂ ਦੌਰਾਨ ਕੁਲਦੀਪ ਸਿੰਘ ਘਵੱਦੀ, ਗੁਰਸਤਿੰਦਰ ਸਿੰਘ ਪਰਗਟ, ਪਰਮਜੀਤ ਸਿੰਘ ਪੰਮਾ ਗਰੇਵਾਲ, ਸ਼ਿੰਗਾਰਾ ਸਿੰਘ ਜਰਖੜ , ਅਜੀਤਪਾਲ ਸਿੰਘ ਨਾਰੰਗਵਾਲ, ਗੁਰਵਿੰਦਰ ਸਿੰਘ ਕਿਲਾ ਰਾਏਪੁਰ , ਤਜਿੰਦਰ ਸਿੰਘ ਲਾਡੀ ਸੁਧਾਰ, ਅਸ਼ਵਨੀ ਕੁਮਾਰ, ਕਰਨ ਸਿੱਧੂ, ਬਾਬਾ ਰੁਲਦਾ ਸਿੰਘ ਸਾਇਆ ਕਲਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ । ਓਲੰਪੀਅਨ ਪ੍ਰਿਥੀਪਾਲ ਸਿੰਘ ਫੈਸਟੀਵਲ ਦੇ ਸੈਮੀ ਫਾਈਨਲ ਮੁਕਾਬਲੇ 7 ਜੂਨ ਨੂੰ ਅਤੇ ਫਾਈਨਲ ਮੁਕਾਬਲਾ 8 ਜੂਨ ਨੂੰ ਹੋਵੇਗਾ।