ਮੁੱਖ ਮੰਤਰੀ ਖੇਡ ਯੋਜਨਾ ਦਾ ਬੋਰਡ ਲਾਉਣ ’ਤੇ ਇਤਰਾਜ਼
ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਨਵੀਂ ਖੇਡ ਨੀਤੀ ਨੂੰ ਬੇਸ਼ੱਕ ਨੋਟੀਫਾਈ ਕੀਤਾ ਹੈ, ਪਰ ਇਸ ਦੇ ਉਲਟ ਖੇਡਾਂ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਖਿਡਾਰੀ ਪੈਦਾ ਕਰਨ ਵਾਲੇ ਪਿੰਡ ਅਜੇ ਵੀ ਸਰਕਾਰ ਦੀ...
ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਨਵੀਂ ਖੇਡ ਨੀਤੀ ਨੂੰ ਬੇਸ਼ੱਕ ਨੋਟੀਫਾਈ ਕੀਤਾ ਹੈ, ਪਰ ਇਸ ਦੇ ਉਲਟ ਖੇਡਾਂ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਖਿਡਾਰੀ ਪੈਦਾ ਕਰਨ ਵਾਲੇ ਪਿੰਡ ਅਜੇ ਵੀ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਨਜ਼ਰ ਆ ਰਹੇ ਹਨ। ਇਸੇ ਤਹਿਤ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਪਿੰਡ ਝਨੇਰ ਦੇ ਕਬੱਡੀ ਖਿਡਾਰੀਆਂ ਨੇ ਦੇਸ਼ ਵਿਦੇਸ਼ਾਂ ਵਿੱਚ ਜਾ ਕੇ ਮਾਂ ਖੇਡ ਕਬੱਡੀ ਵਿੱਚ ਧੂੰਮਾਂ ਹੀ ਨਹੀਂ ਪਾਈਆਂ, ਸਗੋਂ ਕਬੱਡੀ ਖੇਡ ਜਗਤ ਵਿੱਚ ਆਪਣਾ ਪਰਚਮ ਲਹਿਰਾਇਆ ਹੈ। ਅੱਜ ਦੇ ਭੱਜ ਦੌੜ ਵਾਲੇ ਸਮੇਂ ਦੋਰਾਨ ਵੀ ਪਿੰਡ ਝਨੇਰ ਦੇ 50 ਸਾਲ ਤੋ ਵੀ ਪੁਰਾਣੇ ਖੇਡ ਗਰਾਊਂਡ ਵਿੱਚ ਸ਼ਾਮ ਨੂੰ 200 ਦੇ ਕਰੀਬ ਕਬੱਡੀ ਖਿਡਾਰੀ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਹਨ। ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਦਰਜਨਾਂ ਦੇ ਕਰੀਬ ਕਬੱਡੀ ਖਿਡਾਰੀਆਂ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਵੀ ਹਾਸਲ ਕੀਤੀ ਹੈ। ਇਸ ਖੇਡ ਮੈਦਾਨ ਵਿੱਚ ਕਬੱਡੀ ਖਿਡਾਰੀ ਆਸੂ ਝਨੇਰ ਅਤੇ ਦਿਲਬਰ ਝਨੇਰ ਸਵੇਰ ਸ਼ਾਮ 200 ਦੇ ਲਗਭਗ ਬੱਚਿਆਂ ਅਤੇ ਨੌਜਵਾਨਾਂ ਨੂੰ ਮੁਫਤ ਕੋਚਿੰਗ ਦੇ ਰਹੇ ਹਨ।
ਦਿਲਵਰ ਝਨੇਰ ਨੇ ਦੱਸਿਆ ਕਿ ਝਨੇਰ ਪਿੰਡ ਦਾ 50 ਸਾਲਾ ਪੁਰਾਣਾ ਖੇਡ ਗਰਾਊਂਡ ਸਾਰੀਆਂ ਸਹੂਲਤਾਂ ਤੋਂ ਅਜੇ ਵੀ ਸੱਖਣਾ ਹੈ। ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਖੇਡ ਗਰਾਊਂਡ ਦਾ ਬੋਰਡ ਲਗਾ ਦਿੱਤਾ ਗਿਆ ਹੈ, ਪ੍ਰੰਤੂ ਸਿਤਮ ਦੀ ਗੱਲ ਹੈ ਕਿ ਸਰਕਾਰ ਵੱਲੋਂ ਇਸ ਖੇਡ ਗਰਾਊਂਡ ਨੂੰ ਇੱਕ ਖੋਟਾ ਪੈਸਾ ਵੀ ਨਹੀਂ ਦਿੱਤਾ ਹੈ। ਇਸ ਸਬੰਧੀ ਪਿੰਡ ਨਿਵਾਸੀਆਂ ’ਚ ਰੋਸ ਹੈ।

