ਨੰਬਰਦਾਰਾਂ ਉੱਤੇ ਵਸੀਅਤਨਾਮੇ ’ਤੇ ਗਵਾਹੀ ਨਾ ਪਾਉਣ ਦਾ ਦੋਸ਼
ਨੇੜਲੇ ਪਿੰਡ ਰਾਜੇਵਾਲ ਦੇ 78 ਸਾਲਾਂ ਬਜ਼ੁਰਗ ਗੁਰਦੇਵ ਸਿੰਘ ਨੇ ਪਿੰਡ ਦੇ ਨੰਬਰਦਾਰਾਂ ਵੱਲੋਂ ਵਸੀਅਤਨਾਮੇ ’ਤੇ ਕਥਿਤ ਗਵਾਹੀ ਨਾ ਪਾਉਣ ਸਬੰਧੀ ਮਾਲ ਵਿਭਾਗ ਦੇ ਵਿੱਤ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਸ਼ਿਕਾਇਤਕਰਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ...
ਨੇੜਲੇ ਪਿੰਡ ਰਾਜੇਵਾਲ ਦੇ 78 ਸਾਲਾਂ ਬਜ਼ੁਰਗ ਗੁਰਦੇਵ ਸਿੰਘ ਨੇ ਪਿੰਡ ਦੇ ਨੰਬਰਦਾਰਾਂ ਵੱਲੋਂ ਵਸੀਅਤਨਾਮੇ ’ਤੇ ਕਥਿਤ ਗਵਾਹੀ ਨਾ ਪਾਉਣ ਸਬੰਧੀ ਮਾਲ ਵਿਭਾਗ ਦੇ ਵਿੱਤ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਸ਼ਿਕਾਇਤਕਰਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਦੀ ਵਸੀਅਤ ਆਪਣੇ ਦੋਵੇਂ ਪੁੱਤਰਾਂ ਦੇ ਨਾਮ ਕਰਵਾਉਣੀ ਚਾਹੁੰਦਾ ਹੈ ਪਰ ਪਿੰਡ ਦੇ ਚਾਰੋਂ ਨੰਬਰਦਾਰ ਗਵਾਹੀ ਪਾਉਣ ਤੋਂ ਆਨਾਕਾਨੀ ਕਰ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਸ ਦੇ ਦੋ ਲੜਕੀਆਂ, ਦੋ ਲੜਕੇ ਅਤੇ ਪਤਨੀ ਹੈ ਪਰ ਉਹ ਆਪਣੀ ਜਾਇਦਾਦ ਦੀ ਵਸੀਅਤ ਆਪਣੇ ਦੋਵੇਂ ਲੜਕਿਆਂ ਦੇ ਨਾਮ ਕਰਵਾਉਣੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਚਾਰੇ ਨੰਬਰਦਾਰ ਪਿਛਲੇ ਇੱਕ ਹਫ਼ਤੇ ਤੋਂ ਵਸੀਅਤ ’ਤੇ ਗਵਾਹੀ ਪਾਉਣ ਤੋਂ ਟਾਲ-ਮਟੋਲ ਕਰ ਰਹੇ ਹਨ।
ਨੰਬਰਦਾਰਾਂ ਦੇ ਸਤਾਏ ਬਜ਼ੁਰਗ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਵਸੀਅਤ ਦੀ ਵਾਰ-ਵਾਰ ਫੀਸ ਭਰਨ ਦੇ ਬਾਵਜੂਦ ਨੰਬਰਦਾਰ ਗਵਾਹੀ ਪਾਉਣ ਨਹੀਂ ਗਏ। ਬਜ਼ੁਰਗ ਵੱਲੋਂ ਦਰਖਾਸਤ ਰਾਹੀਂ ਮੰਗ ਕੀਤੀ ਗਈ ਹੈ ਕਿ ਨੰਬਰਦਾਰਾਂ ਖਿਲਾਫ ਬਣਦੀ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਤਹਿਸੀਲਦਾਰ (ਖੰਨਾ) ਗੁਰਬਚਨ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।

