
ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕਰਦੇ ਹੋਏ ਆੜ੍ਹਤੀਏ।
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਮਾਰਚ
ਬੇਮੌਸਮੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਕਿਸਾਨ ਮੁਆਵਜ਼ਾ ਮੰਗ ਰਹੇ ਹਨ ਅਤੇ ਹੁਣ ਆੜ੍ਹਤੀਆਂ ਨੇ ਵੀ ਕਿਸਾਨਾਂ ਲਈ ਹਾਅ ਦਾ ਨਾਅਰਾ ਮਾਰਦਿਆਂ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ। ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਦੀ ਅੱਜ ਹੋਈ ਇਕੱਤਰਤਾ ’ਚ ਪ੍ਰਧਾਨ ਕਨ੍ਹੱਈਆ ਲਾਲ ਬਾਂਕਾ ਤੇ ਹੋਰਨਾਂ ਅਹੁਦੇਦਾਰਾਂ ਨੇ ਕਿਹਾ ਕਿ ਇਸ ਬਾਰਿਸ਼, ਝੱਖੜ ਅਤੇ ਗੜ੍ਹੇਮਾਰੀ ਨੇ ਇਕੱਲੀ ਕਣਕ ਦਾ ਹੀ ਭਾਰੀ ਨੁਕਸਾਨ ਨਹੀਂ ਕੀਤਾ, ਸਗੋਂ ਹੋਰਾਂ ਫ਼ਸਲਾਂ ਲਈ ਵੀ ਇਹ ਤਬਾਹੀ ਬਣ ਕੇ ਵਰ੍ਹੀ ਹੈ। ਮੂੰਗੀ, ਆਲੂ ਅਤੇ ਹਰੇ ਚਾਰੇ ਸਮੇਤ ਹੋਰ ਫ਼ਸਲਾਂ ਤੇ ਸਬਜ਼ੀਆਂ ਪਾਣੀ ’ਚ ਡੁੱਬਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀ ਹਮੇਸ਼ਾਂ ਕਿਸਾਨਾਂ ਦੇ ਨਾਲ ਖੜ੍ਹਾ ਹੈ। ਉਥੇ ਹੀ ਬੀਕੇਯੂ ਏਕਤਾ (ਡਕੌਂਦਾ) ਦੇ ਮਨਜੀਤ ਸਿੰਘ ਧਨੇਰ ਧੜੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਫ਼ਸਲਾਂ ਦੇ ਨੁਕਸਾਨ ਦਾ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਪਹਿਲ ਦੇ ਆਧਾਰ ’ਤੇ ਜਾਰੀ ਕੀਤਾ ਜਾਵੇ। ਬੀਕੇਯੂ (ਡਕੌਂਦਾ) ਦੇ ਬੂਟਾ ਸਿੰਘ ਬੁਰਜਗਿੱਲ ਧੜੇ ਨੇ 28 ਮਾਰਚ ਨੂੰ ਡੀਸੀ ਅਤੇ ਐੱਸਡੀਐੱਮ ਦਫ਼ਤਰਾਂ ਦੇ ਘਿਰਾਓ ਦਾ ਐਲਾਨ ਕੀਤਾ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ