ਹਲਕਾ ਪੂਰਬੀ ’ਚ ਬਣੇਗਾ ਨਵਾਂ ਪਾਵਰ ਗਰਿੱਡ
ਬਹਾਦਰਕੇ ਰੋਡ ਸਥਿਤ ਸਬਜ਼ੀ ਮੰਡੀ ਵਿੱਚ ਲੱਗਣ ਜਾ ਰਹੇ ਪਾਵਰ ਗਰਿੱਡ ਲਈ ਜ਼ਮੀਨੀ ਮੁਆਇਨਾ ਕਰਨ ਲਈ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਦੌਰਾ ਕੀਤਾ। ਉਨ੍ਹਾਂ ਨਾਲ ਪਾਵਰਕੌਮ ਅਧਿਕਾਰੀ ਵੀ ਹਾਜ਼ਰ ਸਨ। ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਦੱਸਿਆ ਕਿ ਸਥਾਨਕ ਨਿਵਾਸੀਆਂ ਤੋਂ ਇਲਾਵਾ ਬਹਾਦਰਕੇ ਰੋਡ ਸਥਿਤ ਹੌਜਰੀ ਉਦਯੋਗ ਵੱਲੋਂ ਪਿਛਲੇ ਦਿਨਾਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇੱਕ ਵੱਡਾ ਪਾਵਰਫੁੱਲ ਪਾਵਰ ਗਰਿੱਡ ਇਸ ਇਲਾਕੇ ਵਿੱਚ ਜ਼ਰੂਰ ਲਗਾਇਆ ਜਾਵੇ ਤਾਂ ਜੋ ਲੋਕਾਂ ਨੂੰ ਵਿਸ਼ੇਸ਼ ਤੌਰ ’ਤੇ ਗਰਮੀਆਂ ਦੇ ਮੌਸਮ ਵਿੱਚ ਬਿਜਲੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ। ਵਿਧਾਇਕ ਗਰੇਵਾਲ ਨੇ ਦੱਸਿਆ ਕਿ ਪਾਵਰ ਗਰਿੱਡ ਲਈ ਉਨ੍ਹਾਂ ਨੂੰ ਹਰੀ ਝੰਡੀ ਮਿਲ ਗਈ ਹੈ ਅਤੇ ਅੱਜ ਉਨ੍ਹਾਂ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਪ੍ਰਾਜੈਕਟ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ ਕਰੀਬ 26 ਕਰੋੜ ਰੁਪਏ ਦੀ ਲਾਗਤ ਆਵੇਗੀ ਜਿਸਦੀ ਜਲਦ ਰਸਮੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਾਵਰ ਗਰਿੱਡ ਦੇ ਸਥਾਪਤ ਹੋਣ ਨਾਲ ਹਲਕਾ ਪੂਰਬੀ ਦੇ ਵਸਨੀਕਾਂ ਤੋਂ ਇਲਾਵਾ ਇੰਡਸਟਰੀ, ਹੌਜ਼ਰੀ ਅਤੇ ਹੋਰ ਵਪਾਰੀ ਵਰਗ ਨੂੰ ਇਸ ਦਾ ਵੱਡਾ ਲਾਭ ਮਿਲੇਗਾ। ਇਸ ਮੌਕੇ ਚੈਅਰਮੇਨ ਮਾਰਕੀਟ ਕਮੇਟੀ ਗੁਰਜੀਤ ਸਿੰਘ ਗਿੱਲ, ਸਕੱਤਰ ਮੰਡੀ ਬੋਰਡ ਹਰਿੰਦਰ ਸਿੰਘ ਗਿੱਲ, ਐਕਸਇਨ ਜਗਮੋਹਨ ਜੰਡੂ, ਮੇਜਰ ਸਿੰਘ, ਦਲਜੀਤ ਸਿੰਘ ਘੂਰਾ, ਜਸਵਿੰਦਰ ਸੰਧੂ, ਰਾਕੇਸ਼ ਅਤੇ ਮਨਜੀਤ ਸਿੰਘ ਧਾਲੀਵਾਲ ਹਾਜ਼ਰ ਸਨ।
