National Baseball Championship: ਬੇਸਬਾਲ ਚੈਂਪੀਅਨਸ਼ਿਪ ’ਚ ਪੰਜਾਬ ਦੀ ਝੰਡੀ
ਬੇਸਬਾਲ ਐਸੋਸੀਏਸ਼ਨ ਆਫ ਉੜੀਸਾ ਵੱਲੋਂ ਐਮੇਚਿਓਰ ਬੇਸਬਾਲ ਫੈੱਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਕਰਵਾਈ 31ਵੀਂ ਸਬ-ਜੂਨੀਅਰ ਨੈਸ਼ਨਲ ਬੇਸਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਮੁੰਡਿਆਂ ਦੀ ਟੀਮ ਨੇ ਕਾਂਸੇ ਦਾ ਤਗ਼ਮਾ ਹਾਸਲ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿੱਚ ਕੁੱਲ 18 ਸੂਬਿਆਂ ਦੀਆਂ ਟੀਮਾਂ...
ਬੇਸਬਾਲ ਐਸੋਸੀਏਸ਼ਨ ਆਫ ਉੜੀਸਾ ਵੱਲੋਂ ਐਮੇਚਿਓਰ ਬੇਸਬਾਲ ਫੈੱਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਕਰਵਾਈ 31ਵੀਂ ਸਬ-ਜੂਨੀਅਰ ਨੈਸ਼ਨਲ ਬੇਸਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਮੁੰਡਿਆਂ ਦੀ ਟੀਮ ਨੇ ਕਾਂਸੇ ਦਾ ਤਗ਼ਮਾ ਹਾਸਲ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿੱਚ ਕੁੱਲ 18 ਸੂਬਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ।
ਪੰਜਾਬ ਦੀ ਟੀਮ ਨੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ੁਰੂਆਤੀ ਮੈਚ ਵਿੱਚ ਪੰਜਾਬ ਨੇ ਤੇਲੰਗਾਨਾ ਨੂੰ 5-0 ਨਾਲ ਹਰਾਇਆ। ਦੂਜੇ ਲੀਗ ਮੈਚ ਵਿੱਚ ਉੱਤਰ ਪ੍ਰਦੇਸ਼ ਨੂੰ 10-0 ਸਕੋਰ ਨਾਲ ਹਰਾਇਆ। ਦੂਜੇ ਮੈਚ ਵਿੱਚ ਅਰਸ਼ਦੀਪ ਸਿੰਘ, ਰਤਨ ਕੁਮਾਰ ਅਤੇ ਸੁਰਜੀਤ ਸਿੰਘ ਨੇ ਦੋ-ਦੋ ਦੌੜਾਂ ਬਣਾਈਆਂ ਜਦੋਂਕਿ ਸਾਹਿਬਦੀਪ ਸਿੰਘ, ਕਰਨਵੀਰ ਸਿੰਘ, ਆਯੂਸ਼ ਅਤੇ ਲਵਪ੍ਰੀਤ ਸਿੰਘ ਨੇ ਇੱਕ-ਇੱਕ ਦੌੜ ਦਾ ਯੋਗਦਾਨ ਪਾਇਆ। ਕੁਆਰਟਰ ਫਾਈਨਲ ਮੈਚ ਵਿੱਚ ਪੰਜਾਬ ਨੇ ਆਂਧਰਾ ਪ੍ਰਦੇਸ਼ ਨੂੰ 9-1 ਨਾਲ ਮਾਤ ਦਿੱਤੀ। ਇਸ ਜਿੱਤ ਵਿੱਚ ਵੀ ਮਨਕੀਰਤ ਸਿੰਘ, ਲਵਪ੍ਰੀਤ ਸਿੰਘ, ਅਰਸ਼ਦੀਪ ਸਿੰਘ ਅਤੇ ਸਾਹਿਬਦੀਪ ਸਿੰਘ ਨੇ ਦੋ-ਦੋ ਦੌੜਾਂ ਬਣਾਈਆਂ ਜਦੋਂਕਿ ਨਵੀ ਨੇ ਇੱਕ ਦੌੜ ਜੋੜੀ। ਪੰਜਾਬ ਦੀ ਟੀਮ ਨੂੰ ਸੈਮੀਫਾਈਨਲ ਵਿੱਚ ਮਹਾਰਾਸ਼ਟਰ ਤੋਂ 8-1 ਦੇ ਸਕੋਰ ਨਾਲ ਹਾਰ ਝੱਲਣੀ ਪਈ। ਹਾਲਾਂਕਿ ਟੀਮ ਨੇ ਕਾਂਸੀ ਦੇ ਤਗ਼ਮੇ ਦੇ ਮੈਚ ਵਿੱਚ ਜ਼ੋਰਦਾਰ ਵਾਪਸੀ ਕੀਤੀ ਅਤੇ ਦਿੱਲੀ ਨੂੰ 9-5 ਨਾਲ ਹਰਾਇਆ। ਇਸ ਮੈਚ ਵਿੱਚ ਅਰਸ਼ਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਕਰਨਵੀਰ ਸਿੰਘ ਨੇ ਦੋ-ਦੋ ਦੌੜਾਂ ਬਣਾਈਆਂ ਜਦੋਂਕਿ ਰਤਨ ਕੁਮਾਰ, ਮਨਮੀਤ ਸਿੰਘ ਅਤੇ ਆਯੂਸ਼ ਨੇ ਇੱਕ-ਇੱਕ ਦੌੜ ਦਾ ਯੋਗਦਾਨ ਪਾਇਆ। ਕਰਮਵੀਰ ਸਿੰਘ ਨੂੰ ਟੂਰਨਾਮੈਂਟ ਦਾ ਸਭ ਤੋਂ ਵਧੀਆ ਕੈਚਰ ਐਲਾਨਿਆ ਗਿਆ। ਟੀਮ ਨੂੰ ਬੇਸਬਾਲ ਐਸੋਸੀਏਸ਼ਨ ਆਫ਼ ਉੜੀਸਾ ਅਤੇ ਐਮੇਚਿਓਰ ਬੇਸਬਾਲ ਫੈੱਡਰੇਸ਼ਨ ਆਫ ਇੰਡੀਆ ਵੱਲੋਂ ਟਰਾਫੀ ਅਤੇ ਮੈਡਲਾਂ ਨਾਲ ਸਨਮਾਨਿਆ ਗਿਆ।
ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਸਕੱਤਰ ਇੰਜਨੀਅਰ ਹਰਬੀਰ ਸਿੰਘ ਗਿੱਲ ਅਤੇ ਪ੍ਰਧਾਨ ਸੁਖਦੇਵ ਸਿੰਘ ਔਲਖ ਨੇ ਖਿਡਾਰੀਆਂ, ਕੋਚਾਂ ਅਤੇ ਸਹਾਇਕ ਸਟਾਫ ਨੂੰ ਵਧਾਈ ਦਿੱਤੀ।

