ਪਿੰਡ ਹਲਵਾਰਾ ਵਿੱਚ ਲੁਧਿਆਣਾ-ਬਠਿੰਡਾ ਰਾਜ ਮਾਰਗ ਉਪਰ ਸਥਿਤ ਗੁਰਦੁਆਰਾ ਟਿੱਬਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਨੇ ਨਗਰ ਕੀਰਤਨ ਦੀ ਅਗਵਾਈ ਕੀਤੀ। ਪਿੰਡ ਹਲਵਾਰਾ ਦੀ ਪਰਿਕਰਮਾ ਦੌਰਾਨ ਵੱਖ-ਵੱਖ ਥਾਵਾਂ ਉਪਰ ਪੜਾਅ ਦੌਰਾਨ ਦੀਵਾਨ ਸਜਾਏ ਗਏ। ਇਸ ਮੌਕੇ ਭਾਈ ਕੁਲਦੀਪ ਸਿੰਘ ਰਾਜੋਆਣਾ ਦੇ ਰਾਗੀ ਜਥੇ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਭਾਈ ਜਸਵਿੰਦਰ ਸਿੰਘ ਦੇ ਢਾਡੀ ਜਥੇ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ, ਬਾਣੀ ਅਤੇ ਸਿੱਖਿਆਵਾਂ ਬਾਰੇ ਢਾਡੀ ਵਾਰਾਂ ਪੇਸ਼ ਕੀਤੀਆਂ ਗਈਆਂ। ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਲੰਗਰ ਲਾਏ ਗਏ। ਇਸ ਦੌਰਾਨ ਗੁਰਦੁਆਰਾ ਟਿੱਬੀ ਸਾਹਿਬ ਦੇ ਪ੍ਰਧਾਨ ਹਰਵਿੰਦਰ ਸਿੰਘ, ਸਕੱਤਰ ਸਤਵੀਰ ਸਿੰਘ ਸਮੇਤ ਕਮੇਟੀ ਮੈਂਬਰਾਂ ਦਾ ਸਨਮਾਨ ਕੀਤਾ ਗਿਆ।
ਪਾਇਲ (ਪੱਤਰ ਪ੍ਰੇਰਕ): ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਈਸੜੂ ਵਿੱਚ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਰਵਿਦਾਸ ਤੋਂ ਆਰੰਭ ਹੋ ਕੇ ਸਾਰੇ ਪਿੰਡ ਦੀ ਪਰਿਕਰਮਾ ਕਰਦਾ ਸਮਾਪਤ ਹੋਇਆ। ਨਗਰ ਕੀਰਤਨ ਦੀ ਆਰੰਭਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡੀਸ਼ਨਲ ਰਜਿਸਟਰਾਰ (ਰਿਟਾ) ਮੇਜਰ ਸਿੰਘ, ਐਡਵੋਕੇਟ ਸੁਖਜੀਤ ਸਿੰਘ ਦੇ ਪਰਿਵਾਰ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕਰਕੇ ਕੀਤੀ ਗਈ। ਰਾਗੀ ਅਤੇ ਢਾਡੀ ਜੱਥਿਆਂ ਵੱਲੋਂ ਗੁਰੂ ਰਵਿਦਾਸ ਦੇ ਜੀਵਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਨਗਰ ਕੀਰਤਨ ਦੌਰਾਨ ਸੰਗਤ ਲਈ ਲੰਗਰ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਗ੍ਰੰਥੀ ਅਮਰੀਕ ਸਿੰਘ, ਨਵਦੀਪ ਸਿੰਘ ਨੋਨੀ, ਨਿਰਮਲ ਸਿੰਘ ਖਾਲਸਾ, ਗੁਰਮੁਖ ਸਿੰਘ, ਸੁਖਦੇਵ ਸਿੰਘ, ਗਿਆਨੀ ਰੱਖਾ ਸਿੰਘ, ਬਹਾਦਰ ਸਿੰਘ, ਰਣਧੀਰ ਸਿੰਘ ਆਦਿ ਹਾਜ਼ਰ ਸਨ।

