ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਲੜੂ ਵਿੱਚ ਨਗਰ ਕੀਰਤਨ ਸ਼ਰਧਾ ਤੇ ਉਤਸ਼ਾਹ ਨਾਲ ਸਜਾਇਆ ਗਿਆ। ਇਸ ਮੌਕੇ ਡੇਰਾਬਸੀ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਪੁੱਤਰ ਗੁਰਸਹਿਜ ਸਿੰਘ ਰੰਧਾਵਾ ਨੇ ਲਾਲੜੂ ਸਰਕਲ ਦੀ ਟੀਮ ਸਮੇਤ ਹਾਜ਼ਰੀ ਭਰੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਪਿੰਡ ਦੀਆਂ ਵੱਖ-ਵੱਖ ਗਲੀਆਂ ਵਿੱਚੋਂ ਲੰਘਿਆ। ਭਗਤੀ ਸੰਗੀਤ ਤੇ ਕੀਰਤਨ ਦੀ ਧੁਨ ਨਾਲ ਸਾਰਾ ਇਲਾਕਾ ਗੂੰਜਦਾ ਰਿਹਾ। ਰਸਤੇ ਵਿਚ ਵੱਖ-ਵੱਖ ਥਾਵਾਂ ’ਤੇ ਅਰਦਾਸ ਕੀਤੀਆਂ ਗਈਆਂ ਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ।
ਰੰਧਾਵਾ ਨੇ ਸੰਗਤ ਨੂੰ ਗੁਰੂ ਨਾਨਕ ਦੇਵ ਦੇ ਦਰਸਾਏ ਮਾਰਗ ’ਤੇ ਤੁਰਨ, ਪਿਆਰ, ਏਕਤਾ ਤੇ ਬਰਾਬਰੀ ਦੇ ਸਿਧਾਂਤ ਅਪਣਾਉਣ ਦਾ ਸੱਦਾ ਦਿੱਤਾ।
ਨਗਰ ਕੀਰਤਨ ਦੇ ਅੰਤ ’ਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਲੰਗਰ ਦਾ ਪ੍ਰਬੰਧ ਕੀਤਾ ਗਿਆ।
ਚੰਡੀਗੜ੍ਹ ’ਚ ਅੱਜ ਸਜਾਇਆ ਜਾਵੇਗਾ ਨਗਰ ਕੀਰਤਨ
ਚੰਡੀਗੜ੍ਹ (ਪੱਤਰ ਪ੍ਰੇਰਕ): ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 19-ਡੀ ਵੱਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ ਜਾਵੇਗਾ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਬਖਸ਼ ਸਿੰਘ ਨੇ ਦੱਸਿਆ ਕਿ ਭਲਕੇ 3 ਨਵੰਬਰ ਨੂੰ ਸੈਕਟਰ 19 ਦੇ ਗੁਰਦੁਆਰਾ ਸਾਹਿਬ ਤੋਂ ਸਵੇਰੇ 11 ਵਜੇ ਦੇ ਕਰੀਬ ਅਰੰਭ ਹੋ ਕੇ ਇਹ ਨਗਰ ਕੀਰਤਨ ਗੁਰਦੁਆਰਾ ਨਾਨਕਸਰ ਸੈਕਟਰ 28 ਤੋਂ ਹੁੰਦਾ ਹੋਇਆ ਆਈ.ਟੀ.ਆਈ. ਸੈਕਟਰ 28, ਇੰਡਸਟਰੀਅਲ ਏਰੀਆ ਦੀਆਂ ਲਾਈਟਾਂ ਤੋਂ ਟ੍ਰੈਫ਼ਿਕ ਪੁਲਿਸ ਲਾਈ ਸੈਕਟਰ 29, ਮਾਰਕੀਟ ਸੈਕਟਰ 23 ਤੋਂ ਬਾਲ ਭਵਨ, ਸੈਕਟਰ 16, 15 ਦੀਆਂ ਮਾਰਕੀਟਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 15 ਵਿਖੇ ਸੰਪੂਰਨ ਹੋਵੇਗਾ।

