ਗੁਰੂ ਤੇਗ ਬਹਾਦਰ ਸਾਹਿਬ, ਭਾਈ ਦਿਆਲਾ, ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੁਸਾਇਟੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਸ਼ੁਰੂਆਤ ਸੁਸਾਇਟੀ ਦੇ ਹੁਸ਼ਿਆਰਪੁਰ ਰੋਡ ਸਥਿਤ ਦਫ਼ਤਰ ਤੋਂ ਹੋਈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਰਸਤੇ ਵਿਚ ਗਤਕਾ ਪਾਰਟੀ ਨੇ ਜੌਹਰ ਦਿਖਾਏ। ਸਮਾਜ ਸੇਵੀ ਰਾਜੂ ਠੁਕਰਾਲ ਨੇ ਪੁਰਾਣੀ ਅਨਾਜ ਮੰਡੀ ਵਿੱਚ ਲੰਗਰ ਲਾਏ। ਇਸ ਮੌਕੇ ਸਮਾਗਮ ਦੌਰਾਨ ਬੁਲਾਰੇ ਵਜੋਂ ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਨੇ ਸੇਵਾ ਨਿਭਾਈ। ਇਸ ਮੌਕੇ ਵਿਧਾਇਕ ਕਰਮਬੀਰ ਘੁੰਮਣ, ਮਾਰਕੀਟ ਕਮੇਟੀ ਦੇ ਚੇਅਰਮੈਨ ਕੇ ਪੀ ਸੰਧੂ, ਪ੍ਰਧਾਨ ਦੀਦਾਰ ਸਿੰਘ ਕਾਲਾ, ਬਿੰਦੂ ਘੁੰਮਣ, ਦਸੂਹਾ ਕੌਂਸਲ ਦੇ ਮੀਤ ਪ੍ਰਧਾਨ ਅਮਰਪ੍ਰੀਤ ਖਾਲਸਾ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਚਰਨਜੀਤ ਸਿੰਘ ਸੰਧੂ, ਬਲਜੀਤ ਸਿੰਘ, ਹਰਬਿੰਦਰ ਸਿੰਘ ਕਲਸੀ, ਸਤਪਾਲ ਸਿੰਘ, ਜੇ ਐੱਸ ਮੱਲੀ, ਪੰਮਾ ਪੇਂਟਰ, ਪਰਮਜੀਤ ਸਿੰਘ ਪੰਮਾ, ਪਵਿੱਤਰਪਾਲ ਸਿੰਘ, ਤਰਸੇਮ ਸਿੰਘ ਖਾਲਸਾ, ਮਿਹਰ ਸਿੰਘ ਕਾਲਾ, ਕਿਰਪਾਲ ਸਿੰਘ ਪੁਰੀ ਤੇ ਕਰਨ ਹਾਜ਼ਰ ਸਨ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਨੂੰ ਸਮਰਪਿਤ ਇਤਿਹਾਸਕ ਨਗਰ ਕੀਰਤਨ ਦੇ ਸਵਾਗਤ, ਸੁਰੱਖਿਆ ਅਤੇ ਸਮੁੱਚੇ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਅੱਜ ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਤੱਕ ਰੂਟ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਸੀਨੀਅਰ ਜ਼ਿਲ੍ਹਾ ਅਧਿਕਾਰੀਆਂ ਦੀ ਇਕ ਟੀਮ ਨੇ ਮੁਕੇਰੀਆਂ, ਦਸੂਹਾ, ਗੜ੍ਹਦੀਵਾਲਾ, ਭੂੰਗਾ ਅਤੇ ਹਰਿਆਣਾ ਦੇ ਰੁਟ ਦਾ ਬੱਸ ਰਾਹੀਂ ਨਿਰੀਖਣ ਕੀਤਾ ਸੀ। ਇਸੇ ਤਹਿਤ ਉਨ੍ਹਾਂ ਅਧਿਕਾਰੀਆਂ ਸਮੇਤ ਅੱਜ ਨਲੋਈਆਂ ਚੌਕ, ਮਾਤਾ ਚਿੰਤਪੂਰਨੀ ਚੌਕ, ਗੁਰਦੁਆਰਾ ਮਿੱਠਾ ਟਿਵਾਣਾ, ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ, ਪ੍ਰਭਾਤ ਚੌਕ, ਫਗਵਾੜਾ ਚੌਕ, ਘੰਟਾ ਘਰ ਚੌਕ, ਸੈਸ਼ਨ ਚੌਕ, ਮਾਹਿਲਪੁਰ ਅੱਡਾ, ਚੱਬੇਵਾਲ, ਮਾਹਿਲਪੁਰ ਰਾਹੀਂ ਗੜ੍ਹਸ਼ੰਕਰ ਸੜਕ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਸ੍ਰੀ ਨਗਰ ਤੋਂ ਸ਼ੁਰੂ ਹੋਇਆ ਨਗਰ ਕੀਰਤਨ 21 ਨਵੰਬਰ ਨੂੰ ਪਠਾਨਕੋਟ ਰਾਹੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਵਿੱਚ ਦਾਖਲ ਹੋਵੇਗਾ, ਜਿੱਥੇ ਨਗਰ ਕੀਰਤਨ ਨੂੰ ਗਾਰਡ ਆਫ਼ ਆਨਰ ਦਿੱਤਾ ਜਾਵੇਗਾ। ਉਸੇ ਦਿਨ ਨਗਰ ਕੀਰਤਨ ਦਸੂਹਾ ਅਤੇ ਗੜ੍ਹਦੀਵਾਲਾ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਰਾਮਪੁਰ ਖੇੜਾ ਵਿਖੇ ਵਿਸ਼ਰਾਮ ਕਰੇਗਾ। 22 ਨਵੰਬਰ ਨੂੰ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਰਾਮਪੁਰ ਖੇੜਾ ਤੋਂ ਰਵਾਨਾ ਹੋਵੇਗਾ ਅਤੇ ਭੂੰਗਾ, ਹਰਿਆਣਾ, ਹੁਸ਼ਿਆਰਪੁਰ, ਚੱਬੇਵਾਲ, ਮਾਹਿਲਪੁਰ ਅਤੇ ਗੜ੍ਹਸ਼ੰਕਰ ਰਾਹੀਂ ਸ੍ਰੀ ਆਨੰਦਪੁਰ ਸਾਹਿਬ ਪਹੁੰਚੇਗਾ।
ਸ਼ਰਾਬ ਦੇ ਠੇਕੇ, ਅਹਾਤੇ, ਤੰਬਾਕੂ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਵਧੀਕ ਜਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ 2023 ਦੀ ਧਾਰਾ-163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ 20 ਅਤੇ 21 ਨਵੰਬਰ ਨੂੰ ਗੁਰਦਾਸਪੁਰ ਤੋਂ ਮਹਿਤਾ ਚੌਕ ਦੇ ਰਸਤਿਓਂ ਦਾਖ਼ਲ ਹੋਣ ਵਾਲੇ ਨਗਰ ਕੀਰਤਨ ਦੇ ਰਾਹ ’ਚ ਦੋਵੇਂ ਪਾਸੇ ਪੈਂਦੇ ਸ਼ਰਾਬ ਦੇ ਠੇਕੇ, ਅਹਾਤੇ, ਪਾਨ-ਬੀੜੀ, ਤੰਬਾਕੂ, ਸਿਗਰਟ ਪਦਾਰਥਾਂ ਦੀਆਂ ਦੁਕਾਨਾਂ, ਆਂਡਾ, ਮੀਟ/ਮੱਛੀ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ 20 ਨਵੰਬਰ ਨੂੰ ਮਹਿਤਾ ਚੌਂਕ ਤੋਂ ਬਾਬਾ ਬਕਾਲਾ ਸਾਹਿਬ, ਰਈਆ, ਜੰਡਿਆਲਾ ਗੁਰੂ, ਗੋਲਡਨ ਗੇਟ, ਰਾਮ ਤਲਾਈ ਚੌਂਕ, ਘਿਓ ਮੰਡੀ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਹੁੰਦਾ ਹੋਇਆ ਡੇਰਾ ਬਾਬਾ ਭੂਰੀ ਵਾਲੇ ਪੁੱਜੇਗਾ। 21 ਨਵੰਬਰ ਨੂੰ ਇਹ ਨਗਰ ਕੀਰਤਨ ਇੱਥੋਂ ਸ਼ੁਰੂ ਹੋ ਕੇ ਸ੍ਰੀ ਸ਼ਹੀਦ ਗੰਜ਼ ਸਾਹਿਬ ਗਿਲਵਾਲੀ ਗੇਟ, ਹਕੀਮਾਂ ਗੇਟ, ਖਜਾਨਾ ਗੇਟ, ਝਬਾਲ ਰੋਡ ਤੋਂ ਗੁਰੂਦੁਆਰਾ ਬੀੜ ਬਾਬਾ ਬੁੱਢਾ ਸਾਹਿਬਾ ਲਈ ਜਾਵੇਗਾ। ਉਨਾਂ ਕਿਹਾ ਕਿ ਰਾਹ ਵਿੱਚ ਆਉਂਦੇ ਸ਼ਰਾਬ ਦੇ ਠੇਕੇ, ਅਹਾਤੇ, ਪਾਨ-ਬੀੜੀ, ਤੰਬਾਕੂ, ਸਿਗਰਟ ਪਦਾਰਥਾਂ ਆਧਾਰਤ ਦੁਕਾਨਾਂ, ਆਂਡਾ, ਮੀਟ/ਮੱਛੀ ਦੀਆਂ ਦੁਕਾਨਾਂ ਇਨ੍ਹਾਂ ਦਿਨਾਂ ਦੌਰਾਨ ਖੋਲ੍ਹਣ ਅਤੇ ਪਦਾਰਥਾਂ ਦੀ ਵਿਕਰੀ ’ਤੇ ਪੂਰਨ ਪਾਬੰਦੀ ਰਹੇਗੀ।
ਵਿਧਾਇਕ ਤੇ ਡੀ ਸੀ ਵੱਲੋਂ ਤਿਆਰੀਆਂ ਦੀ ਸਮੀਖਿਆ
ਜਲੰਧਰ (ਹਤਿੰਦਰ ਮਹਿਤਾ): ਗੁਰੂ ਤੇਗ ਬਹਾਦਰ ਨੂੰ ਸਮਰਪਿਤ ਕਰਵਾਏ ਜਾ ਰਹੇ ਯਾਦਗਾਰੀ ਸਮਾਗਮਾਂ ਦੀ ਲੜੀ ਤਹਿਤ 21 ਨਵੰਬਰ ਨੂੰ ਜਲੰਧਰ ਵਿਖੇ ਪਹੁੰਚਣ ਵਾਲੇ ਨਗਰ ਕੀਰਤਨ ਦੇ ਵਿਸ਼ਰਾਮ ਅਤੇ ਸੰਗਤਾਂ ਦੇ ਠਹਿਰਾਅ ਅਤੇ ਸਬੰਧੀ ਪ੍ਰਬੰਧਾਂ ਦਾ ਅੱਜ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਾਇਜ਼ਾ ਲਿਆ। ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 20 ਨਵੰਬਰ ਨੂੰ ਗੁਰਦਾਸਪੁਰ ਤੋਂ ਆਰੰਭ ਹੋਣ ਵਾਲਾ ਨਗਰ ਕੀਰਤਨ 21 ਨਵੰਬਰ ਨੂੰ ਜਲੰਧਰ ਵਿੱਚ ਪ੍ਰਵੇਸ਼ ਕਰੇਗਾ ਅਤੇ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ 21 ਨਵੰਬਰ ਰਾਤ ਨੂੰ ਗੁਰਦੁਆਰਾ ਡੇਰਾ ਸੰਤਗੜ੍ਹ ਸਾਹਿਬ ਵਿਖੇ ਨਗਰ ਕੀਰਤਨ ਦਾ ਵਿਸ਼ਰਾਮ ਹੋਵੇਗਾ। ਇਸ ਮੌਕੇ ਐਸ.ਐਸ.ਪੀ. ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ, ਕਮਿਸ਼ਨਰ ਨਗਰ ਨਿਗਮ ਜਲੰਧਰ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਆਫ ਪੁਲਿਸ ਨਰੇਸ਼ ਡੋਗਰਾ ਵੀ ਮੌਜੂਦ ਸਨ। ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਜਲੰਧਰ ਦੇ ਵੱਖ-ਵੱਖ ਸਥਾਨਾਂ ਤੋਂ ਹੋ ਕੇ ਗੁਜ਼ਰਨ ਵਾਲੇ ਨਗਰ ਕੀਰਤਨ ਦੇ ਰਸਤਿਆਂ ’ਤੇ ਲੰਗਰ ਸੇਵਾ ਦੀਆਂ ਤਿਆਰੀਆਂ, ਮੈਡੀਕਲ ਸਹਾਇਤਾ, ਟ੍ਰੈਫਿਕ ਪ੍ਰਬੰਧਾਂ, ਸੁਰੱਖਿਆ ਅਤੇ ਸੰਗਤ ਦੇ ਠਹਿਰਾਅ ਸਬੰਧੀ ਇੰਤਜ਼ਾਮਾਂ ਦਾ ਜਾਇਜ਼ਾ ਲੈਂਦਿਆਂ ਸਬੰਧਤ ਵਿਭਾਗਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ਾ ਦਿੱਤੇ। ਉਨ੍ਹਾਂ ਸਪੱਸ਼ਟ ਕਿਹਾ ਕਿ ਧਾਰਮਿਕ ਮਹੱਤਤਾ ਵਾਲੇ ਇਸ ਸਮਾਗਮ ਵਿਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣੀ ਚਾਹੀਦੀ।

