ਨੌਵੇਂ ਪਾਤਸਾਹ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿਸੰਗ ਸਭਾ ਹਾਊਸਿੰਗ ਬੋਰਡ ਕਲੋਨੀ ਭਾਈ ਰਣਧੀਰ ਸਿੰਘ ਨਗਰ ਤੋਂ ਸਜਾਇਆ ਗਿਆ ਜਿਸ ਦਾ ਸੰਗਤ ਵੱਲੋਂ ਥਾਂ-ਥਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਲੰਗਰ ਵੀ ਲਾਏ ਗਏ।
ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਿਕਲੇ ਨਗਰ ਕੀਰਤਨ ਵਿੱਚ ਬੈਂਡ ਪਾਰਟੀਆਂ, ਇਸਤਰੀ ਸਤਿਸੰਗ ਸਭਾ ਦੀਆ ਬੀਬੀਆਂ, ਗਤਕਾ ਪਾਰਟੀ ਦੇ ਬੱਚਿਆਂ ਅਤੇ ਸੰਗਤ ਨੇ ਸ਼ਮੂਲੀਅਤ ਕੀਤੀ। ਢਾਡੀ ਜਥਾ ਭਾਈ ਜਰਨੈਲ ਸਿੰਘ ਬੈਂਸ ਨੇ ਨਗਰ ਕੀਰਤਨ ਦੇ ਨਾਲ ਨਾਲ ਚੱਲਕੇ ਸੰਗਤ ਨੂੰ ਵਾਰਾਂ ਰਾਹੀਂ ਸਿੱਖ ਇਤਿਹਾਸ ਨਾਲ ਜੋੜਿਆ ਜਦਕਿ ਕੀਰਤਨੀ ਜਥੇ ਅਤੇ ਸ਼ਬਦੀ ਜਥਿਆਂ ਨੇ ਕੀਰਤਨ ਕੀਤਾ।
ਨਗਰ ਕੀਰਤਨ ਗੁਰਦੁਆਰਾ ਹਾਊਸਿੰਗ ਬੋਰਡ ਕਲੋਨੀ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਰਾਜਗੁਰੂ ਨਗਰ, ਗੁਰਦੁਆਰਾ ਜੇ ਬਲਾਕ ਅਤੇ ਐੱਚ ਬਲਾਕ ਭਾਈ ਰਣਧੀਰ ਸਿੰਘ ਨਗਰ ਵਿਖੇ ਪਹੁੰਚਣ ’ਤੇ ਬੀਬੀ ਗੁਰਮੀਤ ਕੌਰ ਅਤੇ ਗੁਰਿੰਦਰ ਪਾਲ ਸਿੰਘ ਪੱਪੂ ਦੀ ਟੀਮ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਬੀਬੀ ਗੁਰਮੀਤ ਕੌਰ, ਸੁਰਜੀਤ ਸਿੰਘ ਅਰੋੜਾ, ਜਥੇਦਾਰ ਨਛੱਤਰ ਸਿੰਘ ਸਿੱਧੂ, ਗੁਰਦੀਪ ਸਿੰਘ ਲੀਲ, ਦੀਪ ਸਿੰਘ ਘੁਮਾਣ, ਮਾਸਟਰ ਬਲਰਾਜ ਸਿੰਘ, ਰਜਿੰਦਰ ਸਿੰਘ ਮਨੀ, ਜਸਵੀਰ ਸਿੰਘ ਸਾਹਾਨੀ, ਰਾਜੇਸ਼ ਗੁਪਤਾ, ਰਵਿੰਦਰ ਸਿੰਘ ਬੇਦੀ ਅਤੇ ਜਗਜੀਤ ਸਿੰਘ ਹੈਪੀ ਆਦਿ ਹਾਜ਼ਰ ਸਨ।
ਨਗਰ ਕੀਰਤਨ ਦੇ ਸਾਰੇ ਰਸਤੇ ਨੂੰ ਸਜਾਇਆ ਗਿਆ ਸੀ ਅਤੇ ਸੰਗਤ ਵੱਲੋਂ ਵੱਡੇ ਪੱਧਰ ’ਤੇ ਲੰਗਰ ਲਗਾਏ ਗਏ ਸਨ। ਧੰਨ ਧੰਨ ਬਾਬਾ ਈਸ਼ਰ ਸਿੰਘ ਸੇਵਾ ਸੁਸਾਇਟੀ ਪਿੰਡ ਬੜੂੰਦੀ ਦੇ ਨੌਜਵਾਨਾਂ ਨੇ ਪਾਣੀ ਦਾ ਛਿੜਕਾਅ ਅਤੇ ਸਫ਼ਾਈ ਕੀਤੀ ਜਦਕਿ ਇਸਤਰੀ ਸਤਿਸੰਗ ਸਭਾ ਹਾਊਸਿੰਗ ਬੋਰਡ ਕਲੋਨੀ, ਜੇ ਬਲਾਕ ਅਤੇ ਰਾਜਗੁਰੂ ਨਗਰ ਦੀਆਂ ਬੀਬੀਆਂ ਨੇ ਸੰਗਤ ਨੂੰ ਗੁਰ ਸ਼ਬਦ ਨਾਲ ਜੋੜਿਆ।

