ਮੁਸਲਿਮ ਭਾਈਚਾਰੇ ਨੇ ਇਰਾਨ ਅਤੇ ਇਜ਼ਰਾਇਲ ਦਰਮਿਆਨ ਚੱਲ ਰਹੇ ਯੁੱਧ ਦੌਰਾਨ ਇਰਾਨ ਦੇ ਸੁਪਰੀਮ ਧਾਰਮਿਕ ਲੀਡਰ ਆਇਤੁੱਲਾ ਅਲੀ ਖਮੇਨੇਈ ਦੇ ਹਵਾਈ ਹਮਲੇ ਵਿੱਚ ਮਾਰੇ ਜਾਣ ਦੇ ਰੋਸ ਵਜੋਂ ਇਜ਼ਰਾਈਲ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰਾ ਕੀਤਾ।
ਅੱਜ ਇੱਥੇ ਜਾਮਾ ਮਸਜਿਦ ਦੇ ਬਾਹਰ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਵੀ ਕੀਤੀ। ਸ਼ੋਕ ਸਭਾ ਨੂੰ ਸੰਬੋਧਨ ਕਰਦਿਆਂ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਮੁਖੀ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਜ਼ਰਾਈਲ ਅਤੇ ਅਮਰੀਕਾ ਦਾ ਇਹ ਸਰਕਾਰੀ ਅਤਿਵਾਦ ਹੈ ਜਦਕਿ ਇਨ੍ਹਾਂ ਅੱਗੇ ਦੁਨੀਆਂ ਖਾਮੋਸ਼ ਹੈ ਕਿਉਂਕਿ ਇਨਸਾਫ਼ ਦਿਵਾਉਣ ਵਾਲੇ ਵੀ ਇਨ੍ਹਾਂ ਅੱਗੇ ਬੇਬੱਸ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਇਤੁੱਲਾ ਖਮੇਨੇਈ ਸਿਰਫ਼ ਇਰਾਨ ਹੀ ਨਹੀਂ ਬਲਕਿ ਦੁਨੀਆਂ ਭਰ ਦੇ ਮੁਸਲਮਾਨਾਂ ਦੇ ਆਗੂ ਸਨ ਅਤੇ ਉਨ੍ਹਾਂ ਦੀ ਇਸ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਉਨ੍ਹਾਂ ਕਿਹਾ ਕਿ ਜਦ ਪੂਰੀ ਦੁਨੀਆਂ ਦੇ ਧੜਾਂਤ ਇਜ਼ਰਾਈਲ ਅਤੇ ਅਮਰੀਕਾ ਅੱਗੇ ਗੋਡੇ ਟੇਕ ਚੁੱਕੇ ਸਨ ਤਾਂ ਉਸ ਸਮੇਂ ਇੱਕ ਬੁੱਢਾ ਸ਼ੇਰ ਆਪਣੇ ਆਖ਼ਰੀ ਸਾਹਾਂ ਤੱਕ ਦੁਸ਼ਮਣ ਨਾਲ ਲੜਦਾ ਰਿਹਾ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਆਇਤੁੱਲਾ ਖਮੇਨੇਈ ਦੀ ਸ਼ਹਾਦਤ ਮੌਕੇ ਇਜ਼ਰਾਈਲ ਅਤੇ ਅਮਰੀਕਾ ਦੀ ਇਸ ਅਤਿਵਾਦੀ ਕਾਰਵਾਈ ਖ਼ਿਲਾਫ਼ ਆਪਣਾ ਰੋਸ ਯੂ ਐੱਨ ਓ ਵਿੱਚ ਦਰਜ ਕਰਵਾਏ ਅਤੇ ਇਰਾਨ ਨਾਲ ਆਪਣਾ ਦਹਾਕਿਆਂ ਪੁਰਾਣੇ ਰਿਸ਼ਤਿਆਂ ਨੂੰ ਦੇਖਦੇ ਹੋਏ ਕੌਮੀ ਸੋਗ ਦਾ ਐਲਾਨ ਕਰਨ।

