DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਛੁੱਟੀ ਵਾਲੇ ਦਿਨ ਵੀ ਧਰਨੇ ’ਤੇ ਬੈਠੇ ਨਿਗਮ ਮੁਲਾਜ਼ਮ

ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਵਿੱਚ ਨਗਰ ਨਿਗਮ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਮੁਲਾਜ਼ਮ।
Advertisement

ਬਰਨਾਲਾ ਵਿੱਚ ਸਫ਼ਾਈ ਕਰਮਚਾਰੀਆਂ ’ਤੇ ਪੁਲੀਸ ਪ੍ਰਸ਼ਾਸਨ ਵੱਲੋਂ ਕੀਤੇ ਲਾਠੀਚਾਰਜ ਖ਼ਿਲਾਫ਼ ਸ਼ਹਿਰ ਦੇ ਸਫ਼ਾਈ ਕਰਮਚਾਰੀ, ਸੀਵਰਮੈਨ, ਮਾਲੀ, ਬੇਲਦਾਰ ਅਤੇ ਡਰਾਈਵਰ ਛੁੱਟੀ ਵਾਲੇ ਦਿਨ ਵੀ ਹੜਤਾਲ ’ਤੇ ਰਹੇ। ਇਸ ਦੌਰਾਨ ਨਿਗਮ ਮੁਲਾਜ਼ਮਾਂ ਵੱਲੋਂ ਨਗਰ ਨਿਗਮ ਜ਼ੋਨ-ਏ ਵਿੱਚ ਸੰਘਰਸ਼ ਕਮੇਟੀ ਲੁਧਿਆਣਾ ਦੇ ਸੀਨੀਅਰ ਆਗੂ ਸੰਜੀਵ ਗਿੱਲ ਅਤੇ ਵਿੱਕੀ ਸਹੋਤਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਅੱਜ ਦੇ ਇਸ ਪ੍ਰਦਰਸ਼ਨ ਵਿੱਚ ‘ਡੋਰ ਟੂ ਡੋਰ’ ਕੂੜਾ ਚੁੱਕਣ ਵਾਲੇ ਮੁਲਾਜ਼ਮਾਂ ਦੀ ਯੂਨੀਅਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਸੰਘਰਸ਼ ਕਮੇਟੀ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ।

ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਵਿਪਨ ਕਲਿਆਣ ਅਤੇ ਰਵੀ ਬਾਲੀ ਨੇ ਦੱਸਿਆ ਕਿ ਬਰਨਾਲਾ ਕਾਂਡ ਦੇ ਵਿਰੋਧ ਵਿੱਚ ਪੰਜਾਬ ਦੀਆਂ ਸਮੁੱਚੀਆਂ ਸਫ਼ਾਈ ਯੂਨੀਅਨਾਂ ਵੱਲੋਂ 30 ਜੁਲਾਈ ਨੂੰ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਦੀ ਜਨਤਾ ਵਿੱਚ ਸਰਕਾਰ ਦੀਆਂ ਨਾਕਾਮੀਆਂ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਸੰਘਰਸ਼ ਨੂੰ ਖ਼ਤਮ ਕਰਨ ਲਈ ਕਰਮਚਾਰੀਆਂ ਨੂੰ ਨਵੇਂ-ਨਵੇਂ ਲਾਲਚ ਦੇ ਰਹੀ ਹੈ, ਜੋ ਉਨ੍ਹਾਂ ਨੂੰ ਬਿਲਕੁਲ ਮਨਜ਼ੂਰ ਨਹੀਂ ਹਨ।

Advertisement

ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਵਿੱਚ ਬੈਠੇ ਸਮਾਜ ਦੇ ਕੁਝ ਲੋਕ ਆਪਣੀਆਂ ਕੁਰਸੀਆਂ ਬਚਾਉਣ ਲਈ ਸਮਾਜ ਨੂੰ ਗੁਮਰਾਹ ਕਰ ਰਹੇ ਹਨ, ਪਰ ਵਾਲਮੀਕਿ ਸਮਾਜ ਅਜਿਹੇ ਝੂਠੇ ਆਗੂਆਂ ਦੇ ਦਾਅਵਿਆਂ ਵਿੱਚ ਨਹੀਂ ਆਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਬਰਨਾਲਾ ਕਾਂਡ ਦੇ ਕਥਿਤ ਦੋਸ਼ੀ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਐੱਸ ਸੀ/ਐੱਸ ਟੀ ਐਕਟ ਤਹਿਤ ਕੇਸ ਦਰਜ ਨਹੀਂ ਹੁੰਦਾ, ਓਵਰਏਜ ਕਰਮਚਾਰੀਆਂ ਸਣੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ, ਠੇਕੇਦਾਰੀ ਪ੍ਰਥਾ ਬੰਦ ਨਹੀਂ ਹੁੰਦੀ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾਂਦੀ, ਉਦੋਂ ਤੱਕ ਹੜਤਾਲ ਅਤੇ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਐਲਾਨ ਕੀਤਾ ਕਿ ਸ਼ਨਿਚਰਵਾਰ ਨੂੰ ਵੀ ਹੜਤਾਲ ਅਤੇ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਚੌਧਰੀ ਯਸ਼ਪਾਲ, ਨੇਤਾ ਜੀ ਸੌਂਧੀ, ਲਾਲਾ ਸੁੰਦਰ ਅਟਵਾਲ, ਸੰਜੀਵ ਗਿੱਲ, ਦੀਪਕ ਹੰਸ, ਸਮੇਂ ਸਿੰਘ ਬਿਰਲਾ, ਡਾ. ਡੀ ਪੀ ਖੋਸਲਾ, ਅਜੇਪਾਲ ਦਿਸ਼ਾਵਰ, ਰਵੀ ਬਾਲੀ, ਦੇਵ ਰਾਜ ਅਸੁਰ, ਵਿਪਨ ਕਲਿਆਣ, ਵਿੱਕੀ ਸਹੋਤਾ, ਅਸ਼ੋਕ ਦਾਨਵ, ਵਿਨੋਦ ਏਕਲਵਿਆ, ਵਰੁਣ ਰਾਜ ਅਤੇ ਰਵੀ ਮਤੰਗ ਮੌਜੂਦ ਸਨ।

Advertisement

ਇਸ ਤੋਂ ਪਹਿਲਾਂ ਬੀਤੇ ਦਿਨ ਸਫ਼ਾਈ ਕਰਮਚਾਰੀ ਯੂਨੀਅਨ ਦੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਵੱਖ-ਵੱਖ ਜਥੇਬੰਦੀਆਂ ਨੇ ਸਫ਼ਾਈ ਕਾਮਿਆਂ ਦੀ ਹਮਾਇਤ ਵਿੱਚ ਕਾਰੋਬਾਰ ਠੱਪ ਰੱਖੇ ਅਤੇ ਵੱਖ-ਵੱਖ ਸ਼ਹਿਰਾਂ ’ਚ ਕੀਤੇ ਗਏ ਰੋਸ ਪ੍ਰਦਰਸ਼ਨਾਂ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਸੀ। ਕਿਸਾਨ, ਸਮਾਜ ਸੇਵੀ ਅਤੇ ਖੱਬੇ ਪੱਖੀ ਜਥੇਬੰਦੀਆਂ ਨੇ ਬਰਨਾਲਾ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਸਫ਼ਾਈ ਕਾਮਿਆਂ ’ਤੇ ਕੀਤੇ ਗਏ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਸਫ਼ਾਈ ਕਾਮਿਆਂ ਦੇ ਸੰਘਰਸ਼ ਨੂੰ ਡਟਵੀਂ ਹਮਾਇਤ ਦੇਣ ਦਾ ਐਲਾਨ ਵੀ ਕੀਤਾ ਹੈ।

Advertisement
×