ਸੰਸਦ ਮੈਂਬਰ ਵੱਲੋਂ ਸੜਕੀ ਪ੍ਰਾਜੈਕਟਾਂ ਦਾ ਉਦਘਾਟਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਮਈ
ਇੱਥੋਂ ਦੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਅੱਜ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਸੱਤ ਮੁਕੰਮਲ ਹੋਏ ਸੜਕ ਵਿਕਾਸ ਪ੍ਰਾਜੈਕਟਾਂ ਦੀ ਇੱਕ ਲੜੀ ਦਾ ਉਦਘਾਟਨ ਕੀਤਾ। ਕਈ ਥਾਵਾਂ ’ਤੇ ਹੋਏ ਉਦਘਾਟਨ ਵਿੱਚ ਕੌਂਸਲਰ, ਵਸਨੀਕ, ਸਰਕਾਰੀ ਅਧਿਕਾਰੀ, ‘ਆਪ’ ਆਗੂ ਅਤੇ ਵਰਕਰ ਸ਼ਾਮਲ ਹੋਏ। ਇਹ ਪ੍ਰਾਜੈਕਟ, ਜੋ ਕਿ ਪੂਰੀ ਤਰ੍ਹਾਂ ਨਗਰ ਨਿਗਮ ਵੱਲੋਂ ਫੰਡ ਕੀਤੇ ਗਏ ਹਨ, ਕੁੱਲ 15.93 ਕਿਲੋਮੀਟਰ ਸੜਕਾਂ ਨੂੰ ਕਵਰ ਕਰਦੇ ਹਨ ਅਤੇ ਇਨ੍ਹਾਂ ਦੀ ਅਨੁਮਾਨਤ ਲਾਗਤ 6 ਕਰੋੜ ਰੁਪਏ ਹੈ। ਸ੍ਰੀ ਅਰੋੜਾ ਨੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਪ੍ਰਾਜੈਕਟਾਂ ਦੇ ਪੂਰਾ ਹੋਣ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਨਗਰ ਨਿਗਮ ਅਤੇ ਪ੍ਰਾਜੈਕਟ ਠੇਕੇਦਾਰਾਂ ਦੀ ਸਮਾਂ ਸੀਮਾ ਅਤੇ ਗੁਣਵੱਤਾ ਦੇ ਮਾਪਦੰਡਾਂ ਦੀ ਪਾਲਣਾ ਕਰਨ ਦੀ ਕੁਸ਼ਲਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਿਹਤਰ ਸੜਕਾਂ ਨਾ ਸਿਰਫ਼ ਆਵਾਜਾਈ ਨੂੰ ਵਧਾਉਂਦੀਆਂ ਹਨ ਬਲਕਿ ਪਹੁੰਚ ਅਤੇ ਗਤੀਸ਼ੀਲਤਾ ਨੂੰ ਸੌਖਾ ਬਣਾ ਕੇ ਸਥਾਨਕ ਅਰਥਵਿਵਸਥਾਵਾਂ ਦੇ ਸਮੁੱਚੇ ਵਿਕਾਸ ਵਿੱਚ ਵੀ ਯੋਗਦਾਨ ਪਾਉਂਦੀਆਂ ਹਨ।
ਉਕਤ ਸੜਕੀ ਪ੍ਰਾਜੈਕਟਾਂ ਤਹਿਤ ਵਾਰਡ 55 ਵਿੱਚ ਸਰਾਭਾ ਨਗਰ (ਬਲਾਕ ਏ, ਕੇ ਅਤੇ ਆਈ), ਵਾਰਡ 72 ਵਿੱਚ ਗਾਂਧੀ ਕਲੋਨੀ, ਵਾਰਡ 71 ਵਿੱਚ ਫਰੈਂਡਜ਼ ਹੋਟਲ ਰੋਡ, ਵਾਰਡ 63 ਵਿੱਚ ਕਿਚਲੂ ਨਗਰ (ਬਲਾਕ ਈ), ਵਾਰਡ 55 ਅਤੇ 58 ਵਿੱਚ ਬੀਆਰਐਸ ਨਗਰ (ਬਲਾਕ ਜੀ ਅਤੇ ਐਚ), ਵਾਰਡ 58 ਵਿੱਚ ਸਿਟੀਜ਼ਨ ਐਨਕਲੇਵ, ਪਿੰਕ ਐਵੇਨਿਊ ਅਤੇ ਗ੍ਰੀਨ ਐਨਕਲੇਵ ਬਾੜੇਵਾਲ ਅਤੇ ਮਹਾਂਵੀਰ ਐਨਕਲੇਵ (ਵਾਰਡ 59) ਆਦਿ ਇਲਾਕਿਆਂ ਵਿੱਚ ਕੰਮ ਕਰਵਾਏ ਗਏ। ਇਸ ਮੌਕੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਅੰਮ੍ਰਿਤ ਵਰਸ਼ਾ ਰਾਮਪਾਲ, ਨੰਦਿਨੀ ਜੈਰਥ, ਮਨਿੰਦਰ ਕੌਰ, ਕਪਿਲ ਕੁਮਾਰ ਸੋਨੂੰ, ਸਤਨਾਮ ਸੰਨੀ ਮਾਸਟਰ, ਮਨੂ ਜੈਰਥ, ਗੁਰਿੰਦਰਜੀਤ ਸਿੰਘ, ਸੁਮਿਤ, ਵਿਜੇ ਬੱਤਰਾ, ਰਾਜੂ ਸਚਦੇਵਾ ਅਤੇ ਸੁਰਿੰਦਰ ਬੇਦੀ ਹਾਜ਼ਰ ਸਨ।