ਰਾਏਕੋਟ (ਪੱਤਰ ਪ੍ਰੇਰਕ): ਆਪਣੇ ਜਵਾਈ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਸੱਸ ਨੇ ਧੀ ਨਾਲ ਮਸ਼ਵਰਾ ਕਰ ਕੇ ਪਾਸਪੋਰਟ ਤੋਂ ਵੀਜ਼ੇ ਵਾਲੇ ਪੰਨੇ ਹੀ ਪਾੜ ਦਿੱਤੇ। ਥਾਣਾ ਸਦਰ ਰਾਏਕੋਟ ਦੇ ਮੁਖੀ ਸਬ ਇੰਸਪੈਕਟਰ ਹਰਦੀਪ ਸਿੰਘ ਅਨੁਸਾਰ ਹਰਜਿੰਦਰ ਸਿੰਘ ਵਾਸੀ ਪਿੰਡ ਬੁਰਜ ਨਕਲੀਆਂ ਦੀ ਸ਼ਿਕਾਇਤ ’ਤੇ ਮੁੱਢਲੀ ਪੜਤਾਲ ਦੌਰਾਨ ਸੱਸ ਹਰਪਾਲ ਕੌਰ ਵਾਸੀ ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਤੇ ਉਸ ਦੀ ਧੀ ਰਮਨਜੋਤ ਕੌਰ ਹਾਲ ਵਾਸੀ ਇਟਲੀ ਖ਼ਿਲਾਫ਼ ਦੋਸ਼ਾਂ ਦੀ ਪੁਸ਼ਟੀ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਦੇ ਆਦੇਸ਼ ਅਨੁਸਾਰ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਹਰਜਿੰਦਰ ਸਿੰਘ ਵਾਸੀ ਬੁਰਜ ਨਕਲੀਆਂ ਨੇ ਦੋਸ਼ ਲਾਇਆ ਹੈ ਕਿ ਵਾਅਦੇ ਅਨੁਸਾਰ ਉਸ ਨੇ ਵਿਆਹ ਦਾ ਸਾਰਾ ਖਰਚਾ ਉਠਾਇਆ ਸੀ ਪਰ ਪਿਛਲੇ ਕੁਝ ਅਰਸੇ ਤੋਂ ਪਤਨੀ ਨਾਲ ਅਣਬਣ ਚੱਲ ਰਹੀ ਸੀ। ਗੱਲ ਕਿਸੇ ਤਣ-ਪੱਤਣ ਨਾ ਲੱਗਣ ਕਾਰਨ ਉਸ ਦੀ ਪਤਨੀ ਅਤੇ ਸੱਸ ਨੇ ਮਸ਼ਵਰਾ ਕਰ ਕੇ ਉਸ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਸਾਜ਼ਿਸ਼ ਬਣਾ ਲਈ ਅਤੇ ਸੱਸ ਹਰਪਾਲ ਕੌਰ ਨੇ ਹਰਜਿੰਦਰ ਸਿੰਘ ਦੇ ਪਾਸਪੋਰਟ ਦੇ ਵੀਜ਼ੇ ਵਾਲੇ ਦੋਵੇਂ ਪੰਨੇ ਹੀ ਪਾੜ ਦਿੱਤੇ। ਉਨ੍ਹਾਂ ਦੱਸਿਆ ਕਿ ਜਾਂਚ ਰਿਪੋਰਟ ਦੇ ਆਧਾਰ ’ਤੇ ਉਕਤ ਖ਼ਿਲਾਫ਼ ਭਾਰਤੀ ਪਾਸਪੋਰਟ ਐਕਟ ਅਧੀਨ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਨੂੰਨੀ ਨੋਟਿਸ ਭੇਜਣ ਦੀ ਕਾਰਵਾਈ ਅਰੰਭ ਦਿੱਤੀ ਹੈ।