ਸਤਵਿੰਦਰ ਬਸਰਾ
ਲੁਧਿਆਣਾ, 8 ਸਤੰਬਰ
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਲੁਧਿਆਣਾ ਤੋਂ ਇੱਕ ਪਰਿਵਾਰ ਤੇ ਤਿੰਨ ਜੀਆਂ ਨੇ ਵੱਖ ਵੱਖ ਉਮਰ ਵਰਗ ਦੇ ਅਥਲੈਟਿਕ ਮੁਕਾਬਲਿਆਂ ਵਿੱਚ ਸ਼ਿਰਕਤ ਕਰਦਿਆਂ ਜਿੱਤਾਂ ਦਰਜ ਕੀਤੀਆਂ। ਪੀਏਯੂ ਵਿੱਚ ਰਜਿਸਟਰਾਰ ਦਫਤਰ ਬਤੌਰ ਸੀਨੀਅਰ ਸਹਾਇਕ ਕੰਮ ਕਰ ਰਹੇ ਗੁਰਇਕਬਾਲ ਸਿੰਘ ਸੋਹੀ ਨੇ 41-51 ਉਮਰ ਵਰਗ ਦੇ 400 ਮੀਟਰ ਦੌੜ ਮੁਕਾਬਲੇ ਵਿੱਚੋਂ ਪਹਿਲਾ, ਉਸ ਦੀ ਪਤਨੀ ਰਮਨਦੀਪ ਕੌਰ ਸੋਹੀ ਨੇ ਵੀ 31-40 ਉਮਰ ਵਰਗ ਦੇ 400 ਮੀਟਰ ਦੌੜ ਮੁਕਾਬਲੇ ਵਿੱਚੋਂ ਪਹਿਲਾ ਜਦਕਿ ਉਨ੍ਹਾਂ ਦੀ ਧੀ ਨਰੋਇਸ ਸੋਹੀ ਜੋ ਕਿ ਸਥਾਨਕ ਬੀਸੀਐੱਮ ਸਕੂਲ ਦੁਗਰੀ ਵਿੱਚ ਪੜ੍ਹਦੀ ਹੈ ਨੇ ਕ੍ਰਮਵਾਰ 60 ਅਤੇ 600 ਮੀਟਰ ਦੌੜ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਗੁਰਇਕਬਾਲ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਨੈਸ਼ਨਲ ਪੱਧਰ ’ਤੇ ਲੁਧਿਆਣਾ ਲਈ ਇਨਾਮ ਜਿੱਤ ਚੁੱਕਿਆ ਹੈ। ਸ੍ਰੀ ਸੋਹੀ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਦਾ ਨਸ਼ਾ ਲਗਾਉਣ ਦੀ ਅਪੀਲ ਕੀਤੀ।