ਥਾਣਾ ਸੁਧਾਰ ਅਧੀਨ ਪਿੰਡ ਮੋਹੀ ਦੇ 8 ਕਿਸਾਨਾਂ ਦੇ ਖੇਤਾਂ ਵਿੱਚ ਟਿਊਬਵੈੱਲ ਵਾਲੇ ਕੋਠਿਆਂ ਨੂੰ ਪਾੜ ਲਾ ਕੇ 13 ਮੋਟਰਾਂ ਤੋਂ ਕੀਮਤੀ ਸਟਾਰਟਰ, ਸਵਿੱਚਾਂ, ਗਰਿੱਪ ਸਮੇਤ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਬਾਰੇ ਸ਼ਿਕਾਇਤ ਦਰਜ ਕਰਵਾਈ ਹੈ।
ਥਾਣੇ ਸਾਹਮਣੇ ਰੋਸ ਪ੍ਰਗਟ ਕਰਦਿਆਂ ਮਾਸਟਰ ਗੁਰਮੀਤ ਸਿੰਘ, ਦਿਲਬਾਗ ਸਿੰਘ, ਵਰਿੰਦਰ ਸਿੰਘ, ਚਮਕੌਰ ਸਿੰਘ, ਸੁਖਮਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਮੇਲ ਸਿੰਘ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ 6 ਅਤੇ 7 ਅਪਰੈਲ ਦੀ ਦਰਮਿਆਨੀ ਰਾਤ ਉਨ੍ਹਾਂ ਦੇ ਖੇਤਾਂ ਵਿੱਚ ਪਾੜ ਲਾ ਕੇ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ ਕੀਤਾ ਗਿਆ ਹੈ। ਪੀੜਤ ਕਿਸਾਨਾਂ ਵਿੱਚ ਜ਼ਿਆਦਾਤਰ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦੇ ਹਨ।
ਪੀੜਤ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਆਲੂਆਂ ਦੀ ਫ਼ਸਲ ਦੇ ਭਾਅ ਵਿੱਚ ਗਿਰਾਵਟ ਨੇ ਕਿਸਾਨਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ, ਹੁਣ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਕਣਕ ਦੀ ਫ਼ਸਲ ਦਾ ਵੀ ਕਾਫ਼ੀ ਨੁਕਸਾਨ ਕੀਤਾ ਹੈ। ਪਰ ਨਸ਼ੇੜੀਆਂ ਵੱਲੋਂ ਉੱਪਰੋਥਲੀ ਕੀਤੀਆਂ ਜਾ ਰਹੀਆਂ ਚੋਰੀਆਂ ਕਾਰਨ ਉਹ ਬੇਹੱਦ ਪ੍ਰੇਸ਼ਾਨ ਹਨ। ਉੱਧਰ ਥਾਣਾ ਸੁਧਾਰ ਦੇ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਅਨੁਸਾਰ ਪਿੰਡ ਰਾਜਗੜ੍ਹ ਵਾਸੀ ਕੁਲਵਿੰਦਰ ਸਿੰਘ ਅਤੇ ਸੰਦੀਪ ਸਿੰਘ ਉਰਫ਼ ਰੌਬਿਨ ਨੂੰ ਪੁਲੀਸ ਨੇ 6 ਗਰਾਮ ਸਮੈਕ, ਸਰਿੰਜਾਂ ਅਤੇ ਕੁਝ ਤਾਰਾਂ ਸਣੇ ਕਾਬੂ ਕਰ ਲਿਆ ਹੈ। ਮੁਲਜ਼ਮਾਂ ਖ਼ਿਲਾਫ਼ ਨਸ਼ਾ ਤਸਕਰੀ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਅਰੰਭ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮਾਂ ਕੋਲੋਂ ਕੁਝ ਬਿਜਲੀ ਦੀਆਂ ਤਾਰਾਂ ਵੀ ਮਿਲੀਆਂ ਹਨ ਅਤੇ ਉਨ੍ਹਾਂ ਮੋਹੀ ਪਿੰਡ ਵਿੱਚ ਚੋਰੀ ਦੀਆਂ ਵਾਰਦਾਤਾਂ ਬਾਰੇ ਕਬੂਲ ਲਿਆ ਹੈ।

