ਨਵੀਆਂ ਲੱਗੀਆਂ ਸਟਰੀਟ ਲਾਈਟਾਂ ’ਚੋਂ 50 ਫੀਸਦੀ ਤੋਂ ਵੱਧ ਖਰਾਬ

ਨਵੀਆਂ ਲੱਗੀਆਂ ਸਟਰੀਟ ਲਾਈਟਾਂ ’ਚੋਂ 50 ਫੀਸਦੀ ਤੋਂ ਵੱਧ ਖਰਾਬ

ਇਕ ਮੁਹੱਲੇ ਵਿੱਚ ਖਰਾਬ ਹੋਈ ਐਲ.ਈ.ਡੀ. ਲਾਈਟ ਨੇੜੇ ਲਗਾਇਆ ਗਿਆ ਬੱਲਬ।

ਰਾਮ ਗੋਪਾਲ ਰਾਏਕੋਟੀ
ਰਾਏਕੋਟ, 7 ਅਗਸਤ

ਰਾਏਕੋਟ ਸ਼ਹਿਰ ਵਿੱਚ ਸਟਰੀਟ ਲਾਈਟਾਂ ਦਾ ਬਹੁਤ ਹੀ ਮੰਦਾ ਹਾਲ ਹੈ। ਵੱਡੀ ਗਿਣਤੀ ਵਿੱਚ ਸਟਰੀਟ ਲਾਈਟਾਂ ਖਰਾਬ ਹੋਣ ਕਰਕੇ ਰਾਏਕੋਟ ਦੇ ਹਰ ਬਾਜ਼ਾਰ ਜਾਂ ਮੁਹੱਲੇ ਵਿੱਚ ਰਾਤ ਵੇਲੇ ਘੁੱਪ ਹਨੇਰਾ ਦਿਖਾਈ ਦਿੰਦਾ ਹੈ। ਲੌਕਡਾਊਨ ਤੋਂ ਪਹਿਲਾਂ ਨਗਰ ਕੌਂਸਲ ਵਲੋਂ ਸ਼ਹਿਰ ਵਿੱਚ ਐੱਲਈਡੀ ਲਾਈਟਾਂ ਲਗਾਈਆਂ ਗਈਆਂ ਸਨ ਪ੍ਰੰਤੂ ਲਗਾਉਣ ਤੋਂ ਕੁੱਝ ਹੀ ਦਿਨਾਂ ਬਾਅਦ ਇਹ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਤੇ ਇਸ ਸਮੇਂ ਸ਼ਹਿਰ ਵਿੱਚ 50 ਫੀਸਦੀ ਤੋਂ ਵੱਧ ਐੱਲਈਡੀ ਲਾਈਟਾਂ ਖਰਾਬ ਹਨ। ਆਮ ਤੌਰ ’ਤੇ ਇਹਨਾਂ ਲਾਈਟਾਂ ਦੇ ਖਰਾਬ ਹੋ ਜਾਣ ’ਤੇ 2 ਸਾਲ ਦੀ ਗਰੰਟੀ ਦਿੱਤੀ ਜਾਂਦੀ ਹੈ। ਪ੍ਰੰਤੂ ਕਈ ਮਹੀਨੇ ਬੀਤ ਜਾਣ ’ਤੇ ਵੀ ਸ਼ਹਿਰ ਦੀਆਂ ਖਰਾਬ ਲਾਈਟਾਂ ਬਦਲੀਆਂ ਨਹੀਂ ਜਾ ਰਹੀਆਂ। ਸ਼ਹਿਰ ਦੀਆਂ ਸਟਰੀਟ ਲਾਈਟਾਂ ਖਰਾਬ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਰਾਤ ਸਮੇਂ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਮਰਇੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ 873 ਐਲ.ਈ.ਡੀ. ਲਾਈਟਾਂ ਲਗਾਈਆਂ ਗਈਆਂ ਸਨ, ਜਿਹਨਾਂ ਵਿੱਚੋਂ 350 ਦੇ ਕਰੀਬ ਖਰਾਬ ਹੋ ਚੁੱਕੀਆਂ ਹਨ। ਲਾਈਟਾਂ ਦੇ ਖਰਾਬ ਹੋਣ ਸਬੰਧੀ ਅੱਜ ਕੰਪਨੀ ਦੇ ਅਧਿਕਾਰੀਆਂ ਨੇ ਇਹਨਾਂ ਦਾ ਜਾਇਜ਼ਾ ਲਿਆ ਹੈ ਤੇ ਸੋਮਵਾਰ ਤੋਂ ਸ਼ਹਿਰ ਦੀਆਂ ਖਰਾਬ ਲਾਈਟਾਂ ਠੀਕ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਸਬੰਧੀ ਐੱਸਡੀਐੱਮ ਡਾ. ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਲਾਈਟਾਂ ਖਰਾਬ ਹੋਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਕਿ ਜਿਸ ਦੀ ਵੀ ਗਲਤੀ ਹੋਈ ਉਸ ’ਤੇ ਕਾਰਵਾਈ ਕੀਤੀ ਜਾਵੇਗੀ ਤੇ ਇਹਨਾਂ ਨੂੰ ਜਲਦ ਠੀਕ ਕਰਵਾਇਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All