ਵਿਧਾਇਕ ਬੈਂਸ ਅਤੇ ਕੌਸਲਰ ਚਾਹਲ ਨੇ ਕੀਤਾ ਟਿਊਬਵੈਲ ਦਾ ਉਦਘਾਟਨ
ਗੁਰਿੰਦਰ ਸਿੰਘ
ਲੁਧਿਆਣਾ, 17 ਅਕਤੂਬਰ
ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਆਪਣੇ ਸਿਆਸੀ ਲਾਭ ਲਈ ਪੰਜਾਬ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਥੇ ਹਲਕਾ ਆਤਮ ਨਗਰ ਵਿੱਚ ਪੈਂਦੇ ਵਾਰਡ ਨੰਬਰ 50 ਦੇ ਮੁਹੱਲਾ ਰਾਮ ਨਗਰ ਵਿੱਚ ਟਿਊਬਵੈੱਲ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾ ਕੇ ਪੰਜਾਬ ’ਤੇ ਕਬਜ਼ਾ ਕਰਨ ਦੀ ਨੀਯਤ ਨਾਲ ਪੰਜਾਬ ਦੀ ਆਜ਼ਾਦੀ ਅਤੇ ਹੱਕਾਂ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ ’ਤੇ ਪਹਿਲਾ ਡਾਕਾ ਪੰਜਾਬ ਦੇ ਪਾਣੀਆਂ ਦਾ ਹੱਕ ਖੋਹ ਕੇ ਮਾਰਿਆ ਸੀ ਅਤੇ ਹੁਣ ਕੇਂਦਰ ਸਰਕਾਰ ਨੇ ਬੀਐੱਸਐੱਫ ਦਾ ਘੇਰਾ ਵਧਾ ਪੰਜਾਬ ਦੇ ਹੱਕਾਂ ’ਤੇ ਦੂਜਾ ਹਮਲਾ ਕੀਤਾ ਹੈ, ਜਿਸ ਨੂੰ ਪੰਜਾਬ ਦੇ ਲੋਕ ਕਦੇਂ ਵੀ ਬਰਦਾਸ਼ਤ ਨਹੀਂ ਕਰਨਗੇ। ਉਦਘਾਟਨ ਦੌਰਾਨ ਇਲਾਕਾ ਵਾਸੀਆ ਨੇ ਵਿਧਾਇਕ ਬੈਂਸ ਅਤੇ ਕੌਂਸਲਰ ਸਵਨਦੀਪ ਸਿੰਘ ਚਾਹਲ ਦਾ ਧੰਨਵਾਦ ਕੀਤਾ। ਇਸ ਮੌਕੇ ਕੌਂਸਲਰ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਮਹਿਜ਼ ਉਦਘਾਟਨ ਦੀ ਥਾਂ ਵਿਕਾਸ ਕਰਨ ਦੀ ਰਾਜਨੀਤੀ ਵਿਚ ਵਿਸ਼ਵਾਸ਼ ਕਰਦੀ ਹੈ। ਇਸ ਮੌਕੇ ਹਲਕਾ ਪੂਰਬੀ ਦੇ ਇੰਚਾਰਜ ਗੁਰਜੋਧ ਸਿੰਘ ਗਿੱਲ, ਪ੍ਰਦੀਪ ਮੈਨਰੋ, ਸਿਮਰਜੀਤ ਸਿੰਮੀ, ਮਨਜੀਤ ਸਿੰਘ, ਸੁੱਖਾ ਢੋਲੇਵਾਲ, ਗੋਲੂ ਮਿੱਤਲ, ਹਰਜੀਤ ਸਿੰਘ ਕਲਸੀ, ਰਣਜੀਤ ਸਿੰਘ, ਪ੍ਰਸ਼ੋਤਮ ਲਾਲ ਆਦਿ ਵੀ ਹਾਜ਼ਰ ਸਨ।
ਕੈਪਸ਼ਨ: ਟਿਊਬਵੈਲ ਦੇ ਉਦਘਾਟਨ ਸਮੇਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਹੋਰ ਆਗੂ।