ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 18 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਸਿੱਧਵਾਂ ਬੇਟ ਦੀ ਮੀਟਿੰਗ ਬਲਾਨ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਮਲਸੀਹਾ ਭਾਈਕੇ ਵਿਖੇ ਹੋਈ। ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਇਸ ਮੌਕੇ ਕਿਹਾ ਕਿ ਨਸ਼ਿਆਂ ਨੇ ਪੰਜਾਬ ਤੇ ਪੰਜਾਬੀਆਂ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਨਾ ਪਹਿਲੀਆਂ ਸਰਕਾਰਾਂ ਨਸ਼ੇ ਰੋਕ ਸਕੀਆਂ ਅਤੇ ਨਾ ਹੀ ਮੌਜੂਦਾ ਸਰਕਾਰ ਵਾਅਦੇ ਮੁਤਾਬਕ ਨਸ਼ਿਆਂ ਦਾ ਖਾਤਮਾ ਕਰ ਸਕੀ ਹੈ। ਜਾਨੀ ਤੇ ਮਾਲੀ ਨੁਕਸਾਨ ਲੋਕਾਂ ਦਾ ਹੋ ਰਿਹਾ ਹੈ ਤੇ ਇਸ ਲਈ ਅੱਗੇ ਵੀ ਲੋਕਾਂ ਨੂੰ ਆਉਣਾ ਹੋਵੇਗਾ। ਇਸੇ ਲਈ ਕਿਸਾਨ ਜਥੇਬੰਦੀ ਨੇ ਜਾਗਰੂਕਤਾ ਮੁਹਿੰਮ ਤੇਜ਼ ਕੀਤੀ ਹੈ। ਬੇਟ ਇਲਾਕਾ ਕਿਉਂਕਿ ‘ਚਿੱਟੇ’ ਸਣੇ ਹੋਰ ਨਸ਼ਿਆਂ ਦੀ ਮਾਰ ਹੇਠ ਵਧੇਰੇ ਆਇਆ ਹੈ, ਇਸ ਲਈ ਇਸ ਇਲਾਕੇ ‘ਚ ਉਨ੍ਹਾਂ ਦੀ ਜਥੇਬੰਦੀ ਉਚੇਚੇ ਧਿਆਨ ਦੇ ਰਹੀ ਹੈ। ਉਨ੍ਹਾਂ ਬੇਟ ਦੇ ਲੋਕਾਂ ਨੂੰ ਹੋਰ ਜ਼ਿਲ੍ਹਿਆਂ ਦੇ ਪਿੰਡਾਂ ‘ਚ ਨਸ਼ਿਆਂ ਖ਼ਿਲਾਫ਼ ਲੱਗੇ ਠੀਕਰੀ ਪਹਿਰੇ ਲਾਉਣ ਅਤੇ ਨਸ਼ਾ ਵੇਚਣ ਵਾਲਿਆਂ ਦੀ ਸ਼ਨਾਖਤ ਕਰਕੇ ਵਿਰੋਧ ਕਰਨ ਲਈ ਪ੍ਰੇਰਿਆ। ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਸਮਝਾਉਣਾ ਪਵੇਗਾ ਅਤੇ ਇਲਾਜ ਵੀ ਮੁਹੱਈਆ ਕਰਵਾਉਣਾ ਪਵੇਗਾ। ਛੋਟਾ ਮੋਟਾ ਨਸ਼ਾ ਵੇਚਣ ਵਾਲਿਆਂ ਨੂੰ ਵਰਜਿਆ ਜਾਵੇਗਾ। ‘ਚਿੱਟਾ’ ਲੈਣ ਵਾਲੇ ਨੌਜਵਾਨ ਦਾ ਇਲਾਜ ਕਰਵਾਉਣ ਲਈ ਨਸ਼ਾ ਛੁਡਾਉ ਕੇਂਦਰਾਂ ‘ਚ ਮਾਨਸਿਕ ਰੋਗਾਂ ਦੇ ਡਾਕਟਰਾਂ ਦਾ ਪ੍ਰਬੰਧ ਕਰਨ ਲਈ ਸਰਕਾਰ ‘ਤੇ ਦਬਾਅ ਬਣਾਇਆ ਜਾਵੇਗਾ। ਆਗਲੇ ਪੜਅ ‘ਤੇ ‘ਪਿੰਡ ਜਗਾਉ ਪਿੰਡ ਹਿਲਾਉ’ ਮੁਹਿੰਮ ਦੇ ਸਿਖਰ ‘ਤੇ 10 ਅਕਤੂਬਰ ਨੂੰ ਪੰਜਾਬ ਸਰਕਾਰ ਮੰਤਰੀਆਂ ਅਤੇ ‘ਆਪ’ ਵਿਧਾਇਕਾਂ ਘਰਾਂ ਅੱਗੇ ਧਰਨਾ ਲਾਉਣ ਦਾ ਐਲਾਨ ਕੀਤਾ। ਜ਼ਿਲ੍ਹਾ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ 30 ਸਤੰਬਰ ਤਕ ਪਿੰਡਾਂ ‘ਚ ਰੈਲੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਉਪਰੰਤ ਨਸ਼ੇ ‘ਤੇ ਲੱਗ ਚੁੱਕੇ ਨੌਜਵਾਨਾਂ ਦੀਆਂ ਤਸਵੀਰਾਂ ਲੈ ਕੈ ਮੰਤਰੀਆਂ ਦੇ ਦਰਵਾਜ਼ੇ ‘ਤੇ ਜਾ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਬਲਾਕ ਸਕੱਤਰ ਰਾਮਸ਼ਰਨ ਸਿੰਘ ਅਤੇ ਪਰਵਾਰ ਸਿੰਘ ਗਾਲਿਬ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ, ਜਸਵੰਤ ਸਿੰਘ ਭੱਟੀਆ, ਪਰਮਜੀਤ ਸਿੰਘ ਸਵੱਦੀ, ਲਵਲੀ ਮਾਜਰੀ, ਮਨਜਿੰਦਰ ਸਿੰਘ ਭੂੰਦੜੀ, ਦਰਸ਼ਨ ਸਿੰਘ ਗਾਲਿਬ, ਦਵਿੰਦਰ ਸਿੰਘ ਰਸੂਲਪੁਰ, ਸਰਜੀਤ ਸਿੰਘ ਰਾਮਗੜ੍ਹ, ਸੁਰਿੰਦਰ ਸਿੰਘ ਅੱਬੂਪੁਰਾ ਆਦਿ ਮੀਟਿੰਗ ‘ਚ ਸ਼ਾਮਲ ਸਨ।