‘ਪੰਜਾਬ ਬੰਦ’ ਲਈ ਲਾਮਬੰਦੀ ਜ਼ੋਰਾਂ ’ਤੇ

‘ਪੰਜਾਬ ਬੰਦ’ ਲਈ ਲਾਮਬੰਦੀ ਜ਼ੋਰਾਂ ’ਤੇ

ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ ਕੀਤੇ ਅਰਥੀ ਫੂਕ ਮੁਜ਼ਾਹਰੇ ਦਾ ਦ੍ਰਿਸ਼।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 23 ਸਤੰਬਰ

ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀਬਾੜੀ ਬਿੱਲਾਂ ਖ਼ਿਲਾਫ਼ ਭਲਕੇ 25 ਸਤੰਬਰ ਨੂੰ ‘ਪੰਜਾਬ ਬੰਦ’ ਦੇ ਸਮਰਥਨ ਵਿੱਚ ਅੱਜ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਮਾਛੀਵਾੜਾ ਵੱਲੋਂ ਕਿਸਾਨਾਂ ਅਤੇ ਭਾਈਚਾਰਕ ਜਥੇਬੰਦੀਆਂ ਨੂੰ ਨਾਲ ਲੈ ਕੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਜਿਸ ’ਚ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਔਖੀ ਘੜੀ ’ਚ ਆਪਣੀ ਜ਼ਿੰਮੇਵਾਰੀ ਅਤੇ ਫ਼ਰਜ਼ ਸਮਝਦੇ ਹੋਏ ਇਸ ਬੰਦ ਦੌਰਾਨ ਆਪੋ-ਆਪਣੇ ਕਾਰੋਬਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦ ਰੱਖਣ। ਇਸ ਸਮੇਂ ਸਮੂਹ ਕਿਸਾਨ ਜਥੇਬੰਦੀਆਂ, ਭਾਰਤੀ ਕਮਿਊਨਿਸਟ ਪਾਰਟੀ, ਭ੍ਰਿਸ਼ਟਾਚਾਰ ਵਿਰੋਧੀ ਫਰੰਟ, ਦਿ ਟਰੱਕ ਅਪ੍ਰੇਟਰ ਯੂਨੀਅਨ, ਤਰਕਸ਼ੀਲ ਸੁਸਾਇਟੀ ਪੰਜਾਬ, ਅਕਾਊਂਟੈਂਟ ਵੈੱਲਫੇਅਰ ਐਸੋਸੀਏਸ਼ਨ, ਮਾਸਟਰਜ਼ ਅਕੈਡਮੀ ਅਤੇ ਲੋਕ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਉਹ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਬੰਦ ਰੱਖਣ ਵਿਚ ਸਹਿਯੋਗ ਦੇਣਗੇ। 

ਰਾਏਕੋਟ (ਰਾਮ ਗੋਪਾਲ ਰਾਏਕੋਟੀ): ਭਾਰਤੀ  ਕਿਸਾਨ ਯੂਨੀਅਨ (ਏਕਤਾ) ਡਕੌਂਦਾ ਬਲਾਕ ਰਾਏਕੋਟ ਅਤੇ ਸੁਧਾਰ ਦੇ ਪਿੰਡਾਂ ਕਮਾਲਪੁਰਾ,  ਬਿੰਜਲ, ਜੱਟਪੁਰਾ, ਲੰਮਾ, ਬੱਸੀਆਂ, ਮਾਣੂੰਕੇ ਸਮੇਤ ਕਈ ਹੋਰ ਪਿੰਡਾਂ ਵਿੱਚ 25 ਸਤੰਬਰ  ਨੂੰ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਮੀਟਿੰਗਾਂ  ਕੀਤੀਆਂ ਗਈਆਂ। ਇਸ ਮੌਕੇ ਕਿਸਾਨ ਆਗੂਆਂ ਮਹਿੰਦਰ ਸਿੰਘ ਕਮਾਲਪੁਰਾ, ਸਰਬਜੀਤ ਸਿੰਘ  ਸੁਧਾਰ, ਇੰਦਰਜੀਤ ਸਿੰਘ ਧਾਲੀਵਾਲ, ਡਾ. ਗੁਰਚਰਨ ਸਿੰਘ, ਡਾ. ਜਗਤਾਰ ਸਿੰਘ ਦੇਹੜਕਾ,  ਬਲਰਾਜ ਹਲਵਾਰਾ ਅਤੇ ਰਣਧੀਰ ਸਿੰਘ ਬੱਸੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 25 ਸਤੰਬਰ ਦੇ ਬੰਦ  ਨੂੰ ਸਫ਼ਲ ਬਣਾਉਣ ਲਈ 25 ਸਤੰਬਰ ਸਵੇਰੇ 9 ਵਜੇ, ਰਾਏਕੋਟ ਦੇ ਹਰੀ ਸਿੰਘ ਨਲਵਾ ਚੌਕ  ਇਕੱਠੇ ਹੋਣ।

ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ ਅਰਥੀ ਫੂਕ ਮੁਜ਼ਾਹਰਾ

ਸਮਰਾਲਾ (ਡੀ ਪੀ ਐੱਸ ਬੱਤਰਾ): ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ ਕਿਸਾਨਾਂ ਦੀ ਹਮਾਇਤ ਵਿੱਚ ਕਿਸਾਨ ਵਿਰੋਧੀ ਖੇਤੀਬਾੜੀ ਬਿੱਲ ਰੱਦ ਕਰਾਉਣ ਲਈ ਰੋਸ ਰੈਲੀ ਅਤੇ ਅਰਥੀ ਫੂਕ ਮੁਜ਼ਾਹਰਾ ਮੇਨ ਚੌਕ ਸਮਰਾਲਾ ਵਿੱਚ ਕੀਤਾ ਗਿਆ।  ਇਸ ਮੌਕੇ ਬੁਲਾਰਿਆਂ ਸਿਕੰਦਰ ਸਿੰਘ ਕਨਵੀਨਰ, ਕੁਲਵੰਤ ਸਿੰਘ ਤਰਕ ਕੋ-ਕਨਵੀਨਰ, ਰਾਜਵੀਰ ਸਿੰਘ, ਮਲਕੀਤ ਸਿੰਘ ਖੰਨਾ, ਭੁਪਿੰਦਰ ਸਿੰਘ, ਕੁਲਦੀਪ ਬੁੱਢੇਵਾਲ, ਦੀਪ ਦਿਲਬਰ ਅਤੇ ਅਮਰੀਕ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਮਾਰੂ ਤਿੰਨ ਖੇਤੀਬਾੜੀ ਬਿੱਲ ਰੱਦ ਕੀਤੇ ਜਾਣ। ਸੰਘਰਸ਼ ਕਮੇਟੀ ਦੇ ਆਗੂ ਕੁਲਵੰਤ ਸਿੰਘ ਤਰਕ ਨੇ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਇਨ੍ਹਾਂ ਧਰਨਿਆਂ, ਰੋਸ ਰੈਲੀਆਂ ‘ਚ ਨੌਜਵਾਨਾਂ ਦੀ ਸ਼ਮੂਲੀਅਤ ਸਲਾਹੁਣਯੋਗ ਹੈ। ਅਖੀਰ ਵਿੱਚ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕਿਸਾਨ ਮਾਰੂ ਅਤੇ ਹੋਰ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਦੇ ਹੱਕੀ ਸੰਘਰਸ਼ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਦੀ ਲੋੜ ਹੈ।

ਕਿਸਾਨ ਯੂਨੀਅਨ (ਏਕਤਾ) ਡਕੌਂਦਾ ਨੇ ਮੋਦੀ ਦਾ ਪੁਤਲਾ ਫੂਕਿਆ

ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਪਿੰਡ ਡਾਂਗੀਆਂ ’ਚ ਖੇਤੀ ਆਰਡੀਨੈਂਸਾਂ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਕਿਸਾਨਾਂ ਨੂੰ ‘ਪੰਜਾਬ ਬੰਦ’ ਲਈ ਕਮਰਕੱਸੇ ਕਸਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਧਾਲੀਵਾਲ ਤੇ ਮਾਸਟਰ ਜਗਤਾਰ ਸਿੰਘ ਦੇਹੜਕਾ ਨੇ ਇਲਾਕੇ ਭਰ ’ਚੋਂ ਇਕੱਠੇ ਹੋਏ ਕਿਸਾਨਾਂ ਨੂੰ ਕਿਸਾਨੀ ਬਚਾਉਣ ਅਤੇ ਕਿਸਾਨ, ਮਜ਼ਦੂਰ ਮਾਰੂ ਬਿੱਲਾਂ ਦੇ ਵਿਰੋਧ ’ਚ ਡੱਟਣ ਦੀ ਅਪੀਲ ਕੀਤੀ। ਪੁਤਲਾ ਫੂਕਣ ਤੋਂ ਬਾਅਦ ਸਰਬਸੰਮਤੀ ਨਾਲ ਇਲਾਕਾ ਕਮੇਟੀ ਦੀ ਚੋਣ ਕਰਦਿਆਂ ਬਲਜੀਤ ਸਿੰਘ ਪ੍ਰਧਾਨ, ਜੀਤ ਸਿੰਘ ਮੀਤ ਪ੍ਰਧਾਨ, ਧਰਮਜੀਤ ਸਿੰਘ ਵਿਰਕ ਨੂੰ ਸਕੱਤਰ, ਹਰਜਿੰਦਰ ਸਿੰਘ ਖਜ਼ਾਨਚੀ ਅਤੇ ਹਰਦੇਸ਼ ਸਿੰਘ, ਮੇਜਰ ਸਿੰਘ, ਸੁਦਾਗਰ ਸਿੰਘ, ਗੁਰਮੀਤ ਸਿੰਘ ਅਤੇ ਹਾਕਮ ਸਿੰਘ ਨੂੰ ਮੈਂਬਰ ਚੁਣਿਆ ਗਿਆ। 

ਪੰਜਾਬ ਬੰਦ ਨੂੰ ਕਈ ਵਪਾਰਕ ਸੰਗਠਨਾਂ ਵੱਲੋਂ ਸਮਰਥਨ 

ਸਮਰਾਲਾ (ਪੱਤਰ ਪ੍ਰੇਰਕ): ਖੇਤੀ ਬਿੱਲਾਂ ਨੂੰ ਲਾਗੂ ਹੋਣ ਤੋਂ ਰੋਕਣ ਲਈ ਕੇਂਦਰ ਖਿਲਾਫ਼ ਕਿਸਾਨਾਂ ਦੀ ਲੜਾਈ ‘ਚ ਸੂਬੇ ਦੇ ਆੜ੍ਹਤੀਆਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਸਮਰਥਨ ਤੋਂ ਬਾਅਦ ਕਈ ਹੋਰ ਵਪਾਰਕ ਸੰਗਠਨ ਵੀ ਨਿੱਤਰ ਆਏ ਹਨ। ਅੱਜ ਇੱਥੇ ਵੱਖ-ਵੱਖ ਵਪਾਰ ਮੰਡਲਾਂ ਦੇ ਆਗੂਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨਾਲ ਮੀਟਿੰਗ ਕਰਦੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦੇ ਹੋਏ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸ੍ਰੀ ਰਾਜੇਵਾਲ ਨੇ ਵਪਾਰੀ ਨੇਤਾਵਾਂ ਵੱਲੋਂ ਮਿਲੇ ਸਾਥ ਲਈ ਉਨ੍ਹਾਂ ਦਾ ਧੰਨਵਾਦ ਕੀਤਾ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All