ਡੀਪੀ ਐੱਸ ਬੱਤਰਾ
ਸਮਰਾਲਾ, 27 ਸਤੰਬਰ
ਸਰਕਾਰੀ ਹਸਪਤਾਲ ਵਿੱਚ ਇੱਕ ਮਰੀਜ਼ ਵੱਲੋਂ ਡਿਊਟੀ ’ਤੇ ਹਾਜ਼ਰ ਦੋ ਮਹਿਲਾਂ ਡਾਕਟਰਾਂ ਸਣੇ ਉੱਥੇ ਡਿਊਟੀ ਦੇ ਰਹੇ ਸਟਾਫ਼ ਨਾਲ ਬਦਸਲੂਕੀ ਅਤੇ ਗਾਲੀ-ਗਲੋਚ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਸਾਹਮਣੇ ਆਉਣ ’ਤੇ ਜਿੱਥੇ ਸਰਕਾਰੀ ਹਸਪਤਾਲਾਂ ’ਚ ਕੰਮ ਕਰਦੇ ਡਾਕਟਰਾਂ ਅਤੇ ਹੋਰ ਸਟਾਫ਼ ਵਿੱਚ ਰੋਸ ਦੀ ਲਹਿਰ ਹੈ, ਉੱਥੇ ਪੰਜਾਬ ਸਿਵਲ ਮੈਡੀਕਲ ਸਰਵਿਸਜ਼ ਯੂਨੀਅਨ ਨੇ ਵੀ ਇਸ ’ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੀ ਮਹਿਲਾ ਡਾ. ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ, ਉਹ ਐਮਰਜੈਂਸੀ ਵਾਰਡ ਦੀ ਡਿਊਟੀ ਉੱਤੇ ਸੀ। ਸ਼ਾਮ ਨੂੰ ਕਰੀਬ ਸੱਤ ਵਜੇ ਇੱਕ ਐਕਸੀਡੈਂਟ ਕੇਸ ਆਇਆ ਅਤੇ ਉਸ ’ਚ ਜ਼ਖਮੀ ਮਰੀਜ਼ਾਂ ਦੀ ਉਨ੍ਹਾਂ ਵੱਲੋਂ ਅਤੇ ਹਾਜ਼ਰ ਸਟਾਫ਼ ਵੱਲੋਂ ਚੰਗੀ ਤਰ੍ਹਾਂ ਨਾਲ ਦੇਖਭਾਲ ਕੀਤੀ ਗਈ ਪਰ ਮਰੀਜ਼ ਅਤੇ ਉਸ ਦੇ ਨਾਲ ਆਏ ਉਸ ਦੇ ਇੱਕ ਹੋਰ ਪਰਿਵਾਰਕ ਮੈਂਬਰ ਅਤੇ ਕੁਝ ਔਰਤਾਂ ਨੇ ਬਦਸਲੂਕੀ ਸ਼ੁਰੂ ਕਰ ਦਿੱਤੀ। ਇੰਨੇ ਵਿੱਚ ਹੀ ਰਾਤ ਦੀ ਐਮਰਜੈਂਸੀ ਡਿਊਟੀ ਲਈ ਡਾ. ਸਾਂਚੀ ਸਾਹਾ ਵੀ ਉੱਥੇ ਆ ਗਏ। ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਨਾਲ ਵੀ ਬਦਸਲੂਕੀ ਸ਼ੁਰੂ ਕਰ ਦਿੱਤੀ। ਬਾਕੀ ਸਟਾਫ਼ ਨਾਲ ਵੀ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਤੇ ਗਾਲੀਗਲੋਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੌਕੇ ਉੱਤੇ ਸੀਨੀਅਰ ਮੈਡੀਕਲ ਅਫ਼ਸਰ ਵੀ ਆ ਗਏ ਅਤੇ ਪੁਲੀਸ ਨੂੰ ਵੀ ਸੱਦਿਆ ਗਿਆ। ਇਹ ਵਿਅਕਤੀ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਵਿਖਾਈ ਦੇ ਰਹੇ ਸਨ ਅਤੇ ਇੱਕ ਵਿਅਕਤੀ ਆਪਣੇ ਆਪ ਨੂੰ ਡੀਸੀ ਦਫ਼ਤਰ ਲੱਗੇ ਹੋਣ ਦਾ ਰੋਹਬ ਵੀ ਝਾੜ ਰਿਹਾ ਸੀ। ਡਿਊਟੀ ਉੱਤੇ ਹਾਜ਼ਰ ਦੋ ਮਹਿਲਾ ਡਾਕਟਰਾਂ ਨਾਲ ਵਾਪਰੀ ਇਸ ਘਟਨਾ ਤੋਂ ਬਾਅਦ ਸਮਰਾਲਾ ਪੁਲੀਸ ਨੂੰ ਕਾਰਵਾਈ ਲਈ ਲਿਖਤੀ ਤੌਰ ’ਤੇ ਭੇਜਿਆ ਗਿਆ ਹੈ।
ਉੱਧਰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸਐੱਮਓ ਡਾ. ਤਾਰਿਕਜੋਤ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ਦੋ ਡਾਕਟਰਾਂ ਡਾ. ਅੰਮ੍ਰਿਤਪਾਲ ਕੌਰ ਅਤੇ ਡਾ. ਸਾਂਚੀ ਸਾਹਾ ਵੱਲੋਂ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ, ਜਿਸ ’ਤੇ ਕਾਰਵਾਈ ਲਈ ਸਥਾਨਕ ਪੁਲੀਸ ਨੂੰ ਭੇਜ ਦਿੱਤਾ ਗਿਆ ਹੈ।