Mission Clean: ਮਿਸ਼ਨ ਕਲੀਨ ਮੁਹਿੰਮ ਤਹਿਤ ਕੂੜੇ ਦੇ ਢੇਰ ਬੁਝਾਰਤ ਬਣੇ
ਕੋਠੇ ਪੋਨਾ ਸਡ਼ਕ ’ਤੇ ਕੂਡ਼ੇ ਦਾ ਢੇਰ ਨਾ ਚੁੱਕਣ ਖ਼ਿਲਾਫ਼ ਲੋਕਾਂ ਵਿੱਚ ਰੋਸ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਚਲਾਈ ਜਾ ਰਹੀ ‘ਮਿਸ਼ਨ ਕਲੀਨ’ ਸਫ਼ਾਈ ਮੁਹਿੰਮ ਇੱਥੇ ਸ਼ਹਿਰ ਨੂੰ ਕੂੜੇ ਦੇ ਢੇਰਾਂ ਤੋਂ ਮੁਕਤੀ ਦਿਵਾਉਣ ਅਸਮਰੱਥ ਨਜ਼ਰ ਆ ਰਹੀ ਹੈ। ਨਗਰ ਕੌਂਸਲ ’ਤੇ ਕਾਬਜ਼ ਸੱਤਾਧਾਰੀ ਧਿਰ ਨਾਲ ਸਬੰਧਤ ਟੀਮ ਵੱਲੋਂ ਲੋਕਾਂ ਨਾਲ ਨਿਰੋਲ ਟੀਮ ਬਣਨ ਉਪਰੰਤ ਸਫਾਈ ਅਤੇ ਕੂੜੇ, ਸੀਵਰੇਜ ਪ੍ਰਬੰਧਾਂ ਦੇ ਕੀਤੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ। ਕੋਠੇ ਪੋਨਾ ਰੋਡ ਤੇ ਕੂੜੇ ਦਾ ਢੇਰ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਇਸ ਸਬੰਧੀ ਸ਼ਹਿਰ ਵਾਸੀਆਂ ਨੇ ਕਾਰਜਸਾਧਕ ਅਫਸਰ ਮੋਹਿਤ ਕੁਮਾਰ ਨੂੰ ਮੰਗ ਪੱਤਰ ਦੇ ਕੇ ਕੂੜਾ ਚੁਕਵਾਉਣ ਦੀ ਮੰਗ ਕੀਤੀ ਹੈ। ਭਰਵੇਂ ਇਕੱਠ ਵਿੱਚ ਵਿਸ਼ਵਕਰਮਾ ਮੰਦਰ ਕਮੇਟੀ, ਸ਼ਨੀ ਮੰਦਰ, ਪ੍ਰਾਚੀਨ ਮੰਦਰ, ਸ਼ਿਵ ਮੰਦਰ, ਅੱਖਾਂ ਦਾ ਹਸਪਤਾਲ, ਕੁਸ਼ਟ ਆਸ਼ਰਮ ਆਦਿ ਦੀਆਂ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਅਤੇ ਸਮਾਜਸੇਵੀ ਸੁੱਖ ਜਗਰਾਉਂ, ਹਰਜਿੰਦਰ ਸਿੰਘ ਗੁੱਲੂ, ਸਰਪੰਚ ਗੁਰਤੇਜ ਸਿੰਘ ਕੋਠੇ ਪੋਨਾ, ਹਰਪ੍ਰੀਤ ਸਿੰਘ ਸੱਗੂ ਨੇ ਕਿਹਾ ਕਿ ਪਹਿਲਾਂ ਤਾਂ ਨਗਰ ਕੌਂਸਲ ਆਪਸੀ ਖਹਿਬਾਜ਼ੀ ਅਤੇ ਧੜੇਬੰਦੀ ਵਿੱਚ ਵੰਡੀ ਹੋਣ ਕਰ ਕੇ ਕੋਈ ਵੀ ਕੰਮ ਨਹੀਂ ਹੋ ਸਕਿਆ। ਹੁਣ ਸੱਤਾਧਾਰੀ ਧਿਰ ਦੀ ਨਿਰੋਲ ਕਮੇਟੀ ਹੋਣ ਦੇ ਬਾਵਜੂਦ ਸ਼ਹਿਰ ਨੂੰ ਕੂੜੇ ਦਾ ਢੇਰ ਬਣਾਇਆ ਜਾ ਰਿਹਾ ਹੈ। ਸ਼ਹਿਰ ਦੇ ਪੌਸ਼ ਖੇਤਰਾਂ ਵਿੱਚੋਂ ਕੂੜਾ ਇਕੱਠਾ ਕਰ ਕੇ ਕੋਠੇ ਪੋਨਾ ਰੋਡ ’ਤੇ ਪਿਛਲੇ ਪੰਜ ਸਾਲ ਤੋਂ ਬਣੇ ਵੱਡੇ ਕੂੜੇ ਦੇ ਢੇਰ ਉਪਰ ਸੁੱਟਿਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਸੱਤਾਧਾਰੀ ਧਿਰ ਵੱਲੋਂ ਉਨ੍ਹਾਂ ਥਾਵਾਂ ’ਤੇ ਝਾੜੂ ਚੁੱਕ ਕੇ ਸਫਾਈ ਕੀਤੀ ਜਾ ਰਹੀ ਜਿੱਥੇ ਪਹਿਲਾਂ ਹੀ ਸਫਾਈ ਹੈ। ਨਗਰ ਕੌਂਸਲ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਵਾਲੇ ਸ਼ਹਿਰ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਂਦੇ 15 ਦਿਨਾਂ ਵਿੱਚ ਕੀਤੇ ਵਾਅਦੇ ਮੁਤਾਬਕ ਜੇ ਕੂੜਾ ਨਾ ਚੁੱਕਿਆ ਗਿਆ ਜਾਂ ਸੈਕਰੀਗੇਸ਼ਨ ਮਸ਼ੀਨ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਕਾਰਜ ਸਾਧਕ ਅਫਸਰ ਮੋਹਿਤ ਕੁਮਾਰ ਨੇ ਕਿਹਾ ਕਿ ਮਿਥੇ ਸਮੇਂ ਵਿੱਚ ਕੂੜੇ ਦਾ ਡੰਪ ਚੁੱਕ ਦਿੱਤਾ ਜਾਵੇਗਾ।

