Ludhiana: ਸ਼ਰਾਰਤੀ ਅਨਸਰਾਂ ਨੇ ਮਸਜਿਦ ਅੱਗੇ ਦੁਕਾਨ ਨੂੰ ਅੱਗ ਲਾਈ
ਧਾਰਮਿਕ ਪੁਸਤਕਾਂ ਤੇ ਹੋਰ ਸਾਮਾਨ ਸਡ਼ ਕੇ ਸੁਆਹ ਹੋਇਆ
ਨਿਊ ਸ਼ਿਵਪੁਰੀ ਦੇ ਇਲਾਕੇ ਸੰਤੋਖ ਨਗਰ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਮਰਕਜ਼ੀ ਸੁਮਨੀ ਨੂਰੀ ਜਾਮਾ ਮਸਜਿਦ ਦੇ ਬਾਹਰ ਸਥਿਤ ਇੱਕ ਦੁਕਾਨ ਨੂੰ ਅੱਗ ਲਾ ਦਿੱਤੀ ਗਈ, ਜਿਸ ਕਾਰਨ ਦੁਕਾਨ ਅੰਦਰ ਪਈਆਂ ਧਾਰਮਿਕ ਪੁਸਤਕਾਂ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਮਗਰੋਂ ਇਲਾਕੇ ਵਿੱਚ ਸਥਿਤੀ ਤਣਾਅਪੂਰਨ ਹੋ ਗਈ ਹੈ, ਜਿਸ ਨੂੰ ਕਾਬੂ ਕਰਨ ਅਤੇ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਭਾਰੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਸਜਿਦ ਦੇ ਸੇਵਾਦਾਰ ਅਬਦੁਲ ਰਜ਼ਾਕ ਨੇ ਦੱਸਿਆ ਕਿ ਉਹ ਮਸਜਿਦ ਦੇ ਨਾਲ ਬਣੀ ਇਸ ਦੁਕਾਨ ਵਿੱਚ ਧਾਰਮਿਕ ਪੁਸਤਕਾਂ ਅਤੇ ਹੋਰ ਚੀਜ਼ਾਂ ਵੇਚ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਹੈ। ਬੀਤੀ ਰਾਤ ਅਚਾਨਕ ਬਾਹਰ ਰੌਲਾ ਸੁਣ ਕੇ ਜਦੋਂ ਉਹ ਮਸਜਿਦ ਤੋਂ ਬਾਹਰ ਆਇਆ, ਤਾਂ ਦੁਕਾਨ ਵਿੱਚੋਂ ਅੱਗ ਦੀਆਂ ਲਾਟਾਂ ਉੱਠ ਰਹੀਆਂ ਸਨ। ਆਸ-ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ, ਉਦੋਂ ਤੱਕ ਦੁਕਾਨ ਦਾ ਸਾਰਾ ਸਾਮਾਨ ਸੜ ਚੁੱਕਾ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਦਰੇਸੀ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮਸਜਿਦ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲਣ ’ਤੇ ਪਤਾ ਲੱਗਾ ਕਿ ਇੱਕ ਮੋਟਰਸਾਈਕਲ ’ਤੇ ਸਵਾਰ ਤਿੰਨ ਅਣਪਛਾਤੇ ਨਕਾਬਪੋਸ਼ਾਂ ਵਿੱਚੋਂ ਇੱਕ ਨੇ ਦੁਕਾਨ ਦੇ ਅੰਦਰ ਜਲਣਸ਼ੀਲ ਪਦਾਰਥ ਨਾਲ ਭਰੀ ਬੋਤਲ ਸੁੱਟੀ। ਬੋਤਲ ਸੁੱਟਦਿਆਂ ਹੀ ਦੁਕਾਨ ਅੰਦਰ ਪਏ ਸਾਮਾਨ ਅੱਗ ਲੱਗ ਗਈ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਤਿੰਨੋਂ ਮੁਲਜ਼ਮ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ।
ਥਾਣੇਦਾਰ ਹਰਭੋਲ ਸਿੰਘ ਨੇ ਦੱਸਿਆ ਕਿ ਪੂਰੇ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਅਤੇ ਸੀ ਸੀ ਟੀ ਵੀ ਫੁਟੇਜ ਦੇ ਆਧਾਰ ’ਤੇ ਤਿੰਨ ਅਣਪਛਾਤਿਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਅੱਗਜ਼ਨੀ ਕਰਨ ਅਤੇ ਫ਼ਿਰਕੂ ਸਦਭਾਵਨਾ ਨੂੰ ਭੰਗ ਕਰਨ ਦੀਆਂ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਮੋਟਰਸਾਈਕਲ ਦੇ ਨੰਬਰ ਦਾ ਪਤਾ ਲਾਉਣ ਲਈ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
