ਇੱਥੋਂ ਨੇੜਲੇ ਪਿੰਡ ਸਹਿਜੋ ਮਾਜਰਾ ਦਾ ਵਾਸੀ ਅਸ਼ੋਕ ਕੁਮਾਰ (16) ਮਜ਼ਦੂਰੀ ਕਰਨ ਲਈ ਠੇਕੇਦਾਰ ਨਾਲ ਡੇਰਾ ਬਾਬਾ ਨਾਨਕ ਗਿਆ ਸੀ, ਉੱਥੇ ਝਗੜੇ ਤੋਂ ਬਾਅਦ ਹੋਈ ਕੁੱਟਮਾਰ ਮਗਰੋਂ ਉਸ ਦੀ ਮੌਤ ਹੋ ਗਈ, ਜਿਸ ’ਤੇ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਸ਼ੋਕ ਦੇ ਪਿਤਾ ਗੰਗਾ ਰਾਮ ਨੇ ਦੱਸਿਆ ਕਿ ਉਸ ਦਾ ਪੁੱਤਰ ਬੀਤੇ ਦਿਨ ਠੇਕੇਦਾਰ ਨਾਲ ਡੇਰਾ ਬਾਬਾ ਨਾਨਕ (ਬਟਾਲਾ) ਗੁਦਾਮਾਂ ਵਿੱਚ ਕਣਕ ਦੀ ਢੋਆ-ਢੁਆਈ ਲਈ ਗਿਆ ਸੀ। ਉੱਥੇ ਮਜ਼ਦੂਰ ਲੜ ਪਏ, ਜਿਸ ਕਾਰਨ ਅਸ਼ੋਕ ਦੇ ਗੁੱਝੀਆਂ ਸੱਟਾਂ ਲੱਗੀਆਂ। ਇਲਾਜ ਲਈ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਮੁੱਢਲੀ ਸਹਾਇਤਾ ਦੌਰਾਨ ਉਸ ਨੂੰ ਛੁੱਟੀ ਦੇ ਦਿੱਤੀ ਗਈ। ਅਸ਼ੋਕ ਕੁਮਾਰ ਬੀਤੀ ਦੇਰ ਸ਼ਾਮ ਮਜ਼ਦੂਰੀ ਕਰਨ ਤੋਂ ਬਾਅਦ ਵਾਪਸ ਘਰ ਆ ਗਿਆ ਅਤੇ ਅੱਜ ਸਵੇਰੇ ਉਸ ਦੀ ਘਰ ਵਿੱਚ ਹੀ ਮੌਤ ਹੋ ਗਈ। ਮੌਕੇ ’ਤੇ ਪੁੱਜੇ ਡੀ ਐੱਸ ਪੀ ਸਮਰਾਲਾ ਅਤੇ ਥਾਣਾ ਮੁਖੀ ਮਾਛੀਵਾੜਾ ਸਬ-ਇੰਸਪੈਕਟਰ ਚਰਨਜੀਤ ਸਿੰਘ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਪਰਸ਼ੋਤਮ ਲਾਲ ਨੇ ਦੱਸਿਆ ਕਿ ਘਟਨਾ ਸਬੰਧੀ ਡੇਰਾ ਬਾਬਾ ਨਾਨਕ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਉਹ ਜਲਦੀ ਮੌਕੇ ’ਤੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕ ਅਸ਼ੋਕ ਕੁਮਾਰ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਡੇਰਾ ਬਾਬਾ ਨਾਨਕ ਦੀ ਪੁਲੀਸ ਵੱਲੋਂ ਆ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪਰਿਵਾਰਕ ਮੈਂਬਰ ਨੇ ਦੱਸਿਆ ਕਿ ਅਸ਼ੋਕ ਕੁਮਾਰ ਦਾ ਮੰਗਣੀ ਹੋਈ ਸੀ ਅਤੇ 2 ਮਹੀਨੇ ਬਾਅਦ ਇਸ ਦਾ ਵਿਆਹ ਹੋਣਾ ਸੀ।

