Migrant Slums: ਝੁੱਗੀਆਂ ਦੇ ਬਾਹਰ ਗੰਦਗੀ ਦਾ ਕੌਂਸਲ ਨੇ ਨੋਟਿਸ ਲਿਆ
ਪ੍ਰਧਾਨ ਵੱਲੋਂ ਪੰਦਰਾਂ ਦਿਨਾਂ ’ਚ ਝੁੱਗੀਆਂ ਨਾ ਹਟਾੳੁਣ ’ਤੇ ਕਾਰਵਾੲੀ ਦੀ ਚਿਤਾਵਨੀ
ਸ਼ਹਿਰ ਦੀ ਪੁਰਾਣੀ ਸਬਜੀ ਮੰਡੀ ਨੇੜੇ ਜ਼ਮੀਨ ਵਿਚ ਝੁੱਗੀਆਂ ਬਣਾ ਕੇ ਰਹਿ ਰਹੇ ਬਾਹਰਲੇ ਸੂਬਿਆਂ ਤੋਂ ਆਏ ਪਰਵਾਸੀ ਮਜ਼ਦੂਰਾਂ ਵੱਲੋਂ ਫੈਲਾਈ ਜਾ ਰਹੀ ਗੰਦਗੀ ਦਾ ਨਗਰ ਕੌਂਸਲ ਨੇ ਨੋਟਿਸ ਲਿਆ ਹੈ। ਪ੍ਰਧਾਨ ਮੋਹਿਤ ਕੁੰਦਰਾ ਨੇ ਲੋਕਾਂ ਦੀ ਸ਼ਿਕਾਇਤ ਦੇ ਅਧਾਰ ’ਤੇ ਇਸ ਥਾਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਇੱਥੇ ਕਰੀਬ 100 ਤੋਂ ਵੱਧ ਝੁੱਗੀਆਂ ਬਣੀਆਂ ਹੋਈਆਂ ਹਨ ਜਿਨ੍ਹਾਂ ਕੋਲ ਪੱਛਮੀ ਬੰਗਾਲ ਦੇ ਵੋਟਰ ਕਾਰਡ ਤੇ ਅਧਾਰ ਕਾਰਡ ਹਨ। ਉਨ੍ਹਾਂ ਕਿਹਾ ਕਿ ਝੁੱਗੀਆਂ ਵਾਲਿਆਂ ਵੱਲੋਂ ਜੋ ਗੰਦਗੀ ਫੈਲਾਈ ਜਾ ਰਹੀ ਹੈ ਉਸ ਨਾਲ ਆਸਪਾਸ ਦੇ ਲੋਕ ਬੇਹੱਦ ਦੁਖੀ ਹਨ। ਇਥੇ ਨੇੜੇ ਹੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਪ੍ਰਾਈਵੇਟ ਸਕੂਲ ਅਤੇ ਸੰਘਣੀ ਵਸੋਂ ਵਾਲਾ ਏਰੀਆ ਹੈ। ਗੰਦਗੀ ਕਾਰਨ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਹੈ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਕੁਝ ਥਾਂ ਮਾਛੀਵਾੜਾ ਮਾਰਕੀਟ ਕਮੇਟੀ ਦੀ ਹੈ ਜਿਸ ਸਬੰਧੀ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ। ਨਾਜਾਇਜ਼ ਕਬਜ਼ੇ ਨੂੰ ਖਾਲੀ ਕਰਵਾਉਣ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਇਸ ਸਬੰਧੀ ਜ਼ਮੀਨ ਮਾਲਕ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਜੇ 15 ਦਿਨਾਂ ਵਿੱਚ ਝੁੱਗੀਆਂ ਨਾ ਹਟਾਈਆਂ ਗਈਆਂ ਤਾਂ ਨਗਰ ਕੌਂਸਲ ਇੱਥੇ ‘ਪੀਲਾ ਪੰਜਾ’ ਚਲਾਉਣ ਤੋਂ ਵੀ ਗੁਰੇਜ਼ ਨਹੀਂ ਕਰੇਗੀ।
ਬਿਜਲੀ ਦੀਆਂ ਕੁੰਡੀਆਂ ਨਾਲ ਕੀਤੀ ਜਾ ਰੌਸ਼ਨੀ
ਨਗਰ ਕੌਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਮੌਕੇ ’ਤੇ ਦਿਖਾਇਆ ਕਿ ਪਰਵਾਸੀਆਂ ਵੱਲੋਂ ਬਿਜਲੀ ਸਪਲਾਈ ਤੋਂ ਨਾਜਾਇਜ਼ ਕੁੰਡੀਆਂ ਲਾ ਕੇ ਆਪਣੇ ਘਰਾਂ ਵਿੱਚ ਚਾਨਣ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਤੁਰੰਤ ਇਸ ਮਾਮਲੇ ਦੀ ਜਾਂਚ ਕਰੇ ਅਤੇ ਜਿਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੁੰਡੀਆਂ ਲਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਹੈ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

