ਲੁਧਿਆਣਾ ’ਚ ਮੀਂਹ ਨਾਲ ਪਾਰਾ ਡਿੱਗਿਆ

33.2 ਐੱਮਐੱਮ ਮੀਂਹ ਦਰਜ; ਨੇਰੀ ਕਾਰਨ ਬੋਰਡ ਡਿੱਗੇ; ਥਾਂ-ਥਾਂ ਟੁੱਟੀਆਂ ਸੜਕਾਂ ਕਾਰਨ ਰਾਹਗੀਰ ਪ੍ਰੇਸ਼ਾਨ

ਲੁਧਿਆਣਾ ’ਚ ਮੀਂਹ ਨਾਲ ਪਾਰਾ ਡਿੱਗਿਆ

ਲੁਧਿਆਣਾ ਵਿੱਚ ਸ਼ਨਿੱਚਰਵਾਰ ਦੇਰ ਰਾਤ ਅਤੇ ਐਤਵਾਰ ਤੜਕੇ ਪਏ ਮੀਂਹ ਤੋਂ ਬਾਅਦ ਸੜਕਾਂ ’ਤੇ ਖੜ੍ਹੇ ਪਾਣੀ ਵਿੱਚੋਂ ਲੰਘਦੇ ਹੋਏ ਰਾਹਗੀਰ। -ਫੋਟੋ: ਅਸ਼ਵਨੀ ਧੀਮਾਨ

ਸਤਵਿੰਦਰ ਬਸਰਾ
ਲੁਧਿਆਣਾ, 12 ਜੁਲਾਈ

ਸਨਅਤੀ ਸ਼ਹਿਰ ਲੁਧਿਆਣਾ ਵਿੱਚ ਸ਼ਨਿੱਚਰਵਾਰ ਦੇਰ ਰਾਤ ਮੀਂਹ ਅਤੇ ਐਤਵਾਰ ਤੜਕੇ ਅਤੇ ਸ਼ਾਮ ਨੂੰ ਹੋਈ ਕਿਣਮਿਣ ਨਾਲ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਛੁਟਕਾਰਾ ਮਿਲਿਆ ਹੈ। ਇਸ ਦੌਰਾਨ ਚੱਲੀ ਨੇਰੀ ਨਾਲ ਕਈ ਥਾਵਾਂ ’ਤੇ ਬੋਰਡ ਆਦਿ ਟੁੱਟਣ ਬਾਰੇ ਵੀ ਪਤਾ ਲੱਗਾ ਹੈ। ਦੂਜੇ ਪਾਸੇ ਮੌਸਮ ਮਾਹਿਰਾਂ ਅਨੁਸਾਰ ਲੁਧਿਆਣਾ ਵਿੱਚ ਸ਼ਨਿੱਚਰਵਾਰ ਤੋਂ ਐਤਵਾਰ ਢਾਈ ਵਜੇ ਤੱਕ 33.2 ਐੱਮਐੱਮ ਮੀਂਹ ਰਿਕਾਰਡ ਕੀਤਾ ਗਿਆ ਹੈ। 

ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਆ ਰਹੇ ਮੀਂਹ ਕਾਰਨ ਪਾਰਾ ਕਈ ਗੁਣਾਂ ਹੇਠਾਂ ਆ ਗਿਆ ਹੈ। ਪਹਿਲਾਂ ਜਿਹੜਾ ਪਾਰਾ 40 ਡਿਗਰੀ ਸੈਲਸੀਅਸ ਤੱਕ ਹੁੰਦਾ ਸੀ ਹੁਣ ਘਟ ਕਿ 30 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਪੀਏਯੂ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ  ਢਾਈ ਵਜੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਜਦਕਿ ਘੱਟ ਤੋਂ ਘੱਟ ਤਾਪਮਾਨ 21.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਦੁਪਹਿਰ ਢਾਈ ਵਜੇ ਤੱਕ ਲੁਧਿਆਣਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ 33.2 ਐਮਐਮ ਮੀਂਹ ਵੀ ਦਰਜ ਕੀਤਾ ਗਿਆ ਹੈ। ਸ਼ਨਿੱਚਰਵਾਰ ਦੇਰ ਰਾਤ ਤੋਂ ਹੀ ਤੇਜ ਨੇਰੀ ਅਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਜੋ ਐਤਵਾਰ ਸਵੇਰ ਤੱਕ ਜਾਰੀ ਰਿਹਾ। ਭਾਵੇਂ ਐਤਵਾਰ ਸਵੇਰੇ 8 ਕੁ ਵਜੇ ਤੋਂ ਤਿੰਨ ਕੁ ਵਜੇ ਤੱਕ ਸੂਰਜ ਦੀ ਪੂਰੀ ਚਮਕ ਰਹੀ ਪਰ ਸ਼ਾਮ ਹੁੰਦੇ ਹੁੰਦੇ ਦੁਬਾਰਾ ਬੱਦਲਵਾਈ ਹੋਣ ਤੋਂ ਬਾਅਦ ਟੁੱਟਵੀਂ ਬਾਰਿਸ਼ ਵੀ ਹੋਈ। ਉਧਰ ਰਾਤ ਸਮੇਂ ਪਏ ਤੇਜ਼ ਮੀਂਹ ਦਾ ਪਾਣੀ ਸਵੇਰ ਹੋਣ ਤੱਕ ਸ਼ਹਿਰ ਦੀਆਂ ਕਈ ਨੀਵੀਆਂ ਸੜਕਾਂ ਤੇ ਖੜ੍ਹਾ ਦਿਖਾਈ ਦਿੱਤਾ। ਤੇਜ਼ ਨੇਰੀ ਨੇ ਵੀ ਕਈ ਥਾਵਾਂ ’ਤੇ ਮਾਲੀ ਨੁਕਸਾਨ ਕੀਤਾ। 

ਕਈ ਥਾਵਾਂ ’ਤੇ ਸੜਕਾਂ ਉਪਰ ਲੱਗੇ ਬੋਰਡ ਵੀ ਹੇਠਾਂ ਡਿੱਗੇ ਹੋਏ ਦੇਖੇ ਗਏ ਹਨ। ਪਿਛਲੇ ਕਈ ਦਿਨਾਂ ਤੋਂ ਰੁਕ ਰੁਕ-ਕੇ ਆ ਰਹੇ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਵੀ ਥਾਂ-ਥਾਂ ਤੋਂ ਟੁੱਟ ਚੁੱਕੀਆਂ ਹਨ, ਜਿਸ ਕਾਰਨ ਵਾਹਨ ਚਾਲਕਾਂ ਦੀ ਪ੍ਰੇਸ਼ਾਨੀ ਵਿੱਚ ਵੀ ਕਈ ਗੁਣਾਂ  ਵਾਧਾ ਹੋ ਗਿਆ ਹੈ।

ਨ੍ਹੇਰੀ ਕਾਰਨ ਸੜਕ ’ਤੇ ਡਿੱਗੇ ਦਰੱਖਤ।

ਦਰੱਖਤ ਡਿੱਗਣ ਕਾਰਨ ਬਿਜਲੀ ਤੇ ਆਵਾਜਾਈ ਠੱਪ

ਪਾਇਲ (ਦੇਵਿੰਦਰ ਸਿੰਘ ਜੱਗੀ): ਦੇਰ ਰਾਤ ਆਏ ਤੇਜ਼ ਰਫ਼ਤਾਰ ਮੀਂਹ ਅਤੇ ਨੇਰੀ ਕਾਰਨ ਬਿਜਲੀ ਲਾਇਨਾਂ ’ਤੇ ਦਰੱਖਤ ਡਿੱਗਣ ਕਰਕੇ ਖੰਭੇ ਟੁੱਟਣ ਕਾਰਨ ਪਿੰਡ ਸ਼ਾਹਪੁਰ, ਕੋਟਲੀ ਤੋਂ ਇਲਾਵਾ ਹੋਰ ਪਿੰਡਾਂ ਦੀ 24  ਘੰਟੇ ਬਿਜਲੀ ਸਪਲਾਈ ਠੱਪ ਹੋਣ ਕਰਕੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਵਿੱਚੋਂ ਲੰਘਣਾ ਪਿਆ। ਇਸ ਤੋਂ ਇਲਾਵਾ ਜੀਟੀ ਰੋਡ ’ਤੇ ਦਰੱਖਤ ਡਿੱਗਣ ਕਰਕੇ ਸਾਰਾ ਦਿਨ ਆਵਾਜਾਈ ਠੱਪ ਰਹੀ। ਲੋਕਾਂ ਨੂੰ ਆਸ-ਪਾਸ ਦੇ ਰਸਤਿਆਂ ਤੋਂ ਲੰਘਣਾ ਪਿਆ। ਜਦੋਂ ਕਿ ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀ ਸੁਸਤ ਰਫ਼ਤਾਰ ਨਾਲ ਕੰਮ ਕਰਦੇ ਦਿਖਾਈ ਦਿੱਤੇ। ਪਾਵਰਕੌਮ ਦੇ ਐੱਸਡੀਓ ਧੰਨਰਾਜ ਸਿੰਘ ਨੇ ਕਿਹਾ ਕਿ ਜਲਦ ਹੀ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All