Mela Dhiyan Da: ਗੁਰਪ੍ਰੀਤ ਮਾਨ ਨੇ ਮੁਟਿਆਰਾਂ ਨਾਲ ਗਿੱਧਾ ਪਾਇਆ
ਕਾਲਜ ਵਿੱਚ ‘ਮੇਲਾ ਧੀਆਂ ਦਾ’ ਦੌਰਾਨ ਵਿਦਿਆਰਥਣਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼
ਇੱਥੇ ਸਰਕਾਰੀ ਕਾਲਜ ਲੜਕੀਆਂ ਵਿੱਚ ‘ਮੇਲਾ ਧੀਆਂ ਦਾ’ ਲਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਸੁਮਨ ਲਤਾ ਨੇ ਸਾਰਿਆਂ ਦਾ ਸਵਾਗਤ ਕੀਤਾ। ਸਮਾਗਮ ਦੌਰਾਨ ਵਿਦਿਆਰਥਣਾਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਫੋਕ ਆਰਕੈਸਟਰਾ, ਸੋਲੋ ਗੀਤ, ਨ੍ਰਿਤ, ਭੰਗੜਾ ਅਤੇ ਗਿੱਧਾ ਆਦਿ ਵਰਗੀਆਂ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ। ਮੁੱਖ ਮਹਿਮਾਨ ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਵਿੱਚ ਛੁਪੀ ਕਲਾ ਨੂੰ ਉਭਾਰਨ ਅਤੇ ਵਧੀਆ ਮੰਚ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਆਪਣੇ ਅਮੀਰ ਵਿਰਸੇ ਨੂੰ ਜਾਣਨ ਅਤੇ ਉਸ ਨਾਲ ਜੁੜੇ ਰਹਿਣਾ, ਅਜਿਹੇ ਮੇਲਿਆਂ ਵਿੱਚ ਆਉਣ ’ਤੇ ਹੀ ਪਤਾ ਲੱਗਦਾ ਹੈ। ਉਨ੍ਹਾਂ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸ੍ਰੀਮਤੀ ਮਾਨ ਨੇ ਜਿੱਥੇ ਸਟਾਲਾਂ ’ਤੇ ਜਾ ਕੇ ਪੁਰਾਤਨ ਵਸਤਾਂ ਦੇਖੀਆਂ ਉੱਥੇ ਖੁਦ ਵੀ ਵਿਦਿਆਰਥਣਾਂ ਨਾਲ ਗਿੱਧਾ ਪਾਇਆ।
ਇਸ ਮੌਕੇ ਮੰਚ ਸੰਚਾਲਨ ਵਾਈਸ ਪ੍ਰਿੰਸੀਪਲ ਸਰਿਤਾ ਖੁਰਾਣਾ ਅਤੇ ਹਰਲੀਨ ਕੌਰ ਨੇ ਕੀਤਾ। ਵਿਦਿਆਰਥਣਾਂ ਵੱਲੋਂ ਲਾਏ ਸਟਾਲ ਮੇਲੇ ਦੀ ਖਿੱਚ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਮੇਲੇ ਵਿੱਚ ਝੂਲੇ ਅਤੇ ਟਾਂਗਾ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਸਮੁੱਚੇ ਤੌਰ ’ਤੇ ‘ਮੇਲਾ ਧੀਆਂ ਦਾ’ ਪੰਜਾਬੀ ਸੱਭਿਆਚਾਰ, ਲੋਕ-ਵਿਰਾਸਤ ਅਤੇ ਧੀਆਂ ਦੀ ਪ੍ਰਤਿਭਾ ਦਾ ਸੁੰਦਰ ਸੰਗਮ ਬਣ ਕੇ ਯਾਦਗਾਰ ਹੋ ਨਿਬੜਿਆ।
ਇਸ ਮੌਕੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਰਮਨਜੀਤ ਕੌਰ ਗਿਆਸਪੁਰਾ, ਪ੍ਰਿੰਸੀਪਲ ਡਾ. ਗੁਰਸ਼ਰਨਜੀਤ ਸਿੰਘ, ਮਮਤਾ ਕੋਚਰ, ਬਲਜੀਤ ਕੌਰ, ਡਾ. ਰਾਜੀਵ ਸਹਿਗਲ, ਡਾ.ਗੁਰਪ੍ਰੀਤ ਕੌਰ, ਸੰਜੂ ਗੁਪਤਾ, ਕਾਲਜ ਦੇ ਪੀ ਟੀ ਏ ਸਕੱਤਰ ਰਜਨੀ ਰਾਜਪਾਲ ਹਾਜ਼ਰ ਸਨ।

