ਨਿੱਜੀ ਪੱਤਰ ਪ੍ਰੇਰਕ
ਖੰਨਾ, 6 ਜੂਨ
ਨੇੜਲੇ ਪਿੰਡ ਲਲਹੇੜੀ ਵਿੱਚ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਮੈਬਰਾਂ ਦੀ ਇੱਕਤਰਤਾ ਮਨਵੀਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਕਿਸਾਨ ਮਸਲਿਆਂ ਸਬੰਧੀ ਵਿਚਾਰ-ਵਟਾਂਦਰਾ ਕਰਦਿਆਂ ਸਰਕਾਰ ਅਤੇ ਪੁਲੀਸ ਦੇ ਕਿਸਾਨਾਂ ’ਤੇ ਕੀਤੇ ਜ਼ਬਰ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਯੂਨੀਅਨ ਨੇ ਲੁਧਿਆਣਾ ਜ਼ਿਲ੍ਹੇ ਵਿਚ ਸਰਕਾਰ ਵੱਲੋਂ ਕਈ ਏਕੜ ਜ਼ਮੀਨ ਐਕੁਆਇਰ ਕਰਨ ਲਈ ਕੀਤੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ। ਸ੍ਰੀ ਭੰਗੂ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਇਸ ਨੂੰ ਨਾ ਉਜਾੜਿਆ ਜਾਵੇ। ਉਨ੍ਹਾਂ ਕਿਹਾ ਕਿ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਸਰਕਾਰ ਦੀ ਸ਼ਹਿ ’ਤੇ ਪੁਲੀਸ ਅਫ਼ਸਰਾਂ ਨੇ ਜੋ ਜ਼ਬਰ ਢਾਹਿਆ ਉਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਈ ਵੀ ਆ ਜਾਵੇ ਪਰ ਕਿਸਾਨੀ ਦਾ ਭਲਾ ਕਿਸੇ ਨੇ ਨਹੀਂ ਕਰਨਾ ਜਿਵੇਂ ਕਿ ਪਿਛਲੇ ਦਿਨੀਂ ਨੰਗਲ ਡੈਮ ਤੇ ਬੀਐਮਬੀਬੀ ’ਤੇ ਪੰਜਾਬ ਦੀ ਹਿੱਸੇਦਾਰੀ ਅਤੇ ਪਾਣੀਆਂ ’ਤੇ ਜੋ ਸਿਆਸਤ ਕੀਤੀ ਗਈ ਇਸ ਤੋਂ ਪੰਜਾਬ ਦੇ ਲੋਕ ਭਲੀ ਭਾਂਤ ਜਾਣੂੰ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਵੇਲੇ 15 ਦਿਨ ਤੇ ਕਣਕ ਦੇ ਸੀਜ਼ਨ ’ਚ ਸਿਰਫ਼ 10 ਦਿਨ ਟਰੈਕਟਰ ਦੀ ਲੋੜ ਪੈਂਦੀ ਹੈ ਇਸ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬ ਦੇ ਸੀਐੱਮ ਨੂੰ ਕਿਸਾਨੀ ਕੰਮਾਂ ਬਾਰੇ ਕਿੰਨੀ ਜਾਣਕਾਰੀ ਹੈ।
ਇਸ ਮੌਕੇ ਸਰਬਸੰਮਤੀ ਨਾਲ ਜਥੇਬੰਦੀਆਂ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿਚ ਸਵਰਨ ਸਿੰਘ ਗਿੱਲ-ਜ਼ਿਲ੍ਹਾ ਲੁਧਿਆਣਾ ਸੀਨੀਅਰ ਮੀਤ ਪ੍ਰਧਾਨ, ਜਤਿੰਦਰ ਸਿੰਘ ਗਿੱਲ-ਪ੍ਰਧਾਨ ਬਲਾਕ ਖੰਨਾ ਜ਼ੋਨ-1, ਲਖਵੀਰ ਸਿੰਘ ਗਿੱਲ-ਮੀਤ ਪ੍ਰਧਾਨ, ਨਿਰੰਜਣ ਸਿੰਘ-ਪ੍ਰਧਾਨ ਬਲਾਕ ਖੰਨਾ ਜ਼ੋਨ-2, ਰਾਜਿੰਦਰ ਸਿੰਘ ਗੋਸਲ ਤੇ ਲਾਡੀ ਮਾਵੀ-ਮੀਤ ਪ੍ਰਧਾਨ, ਗੁਰਦੀਪ ਸਿੰਘ-ਪਿੰਡ ਲਲਹੇੜੀ ਦੇ ਇਕਾਈ ਪ੍ਰਧਾਨ, ਅਮਨਦੀਪ ਸਿੰਘ-ਮੀਤ ਪ੍ਰਧਾਨ, ਜਸਦੀਪ ਸਿੰਘ ਚਾਹਲ-ਵਿੱਤ ਸਕੱਤਰ, ਹਰਭਾਗ ਸਿੰਘ-ਸਕੱਤਰ, ਗੁਰਕੀਰਤ ਸਿੰਘ ਭੰਗੂ-ਬੁਲਾਰਾ ਅਤੇ ਜਸਕਰਨ ਸਿੰਘ-ਮੈਂਬਰ ਚੁਣੇ ਗਏ। ਨਵ ਨਿਯੁਕਤ ਮੈਬਰਾਂ ਨੇ ਯੂਨੀਅਨ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਉਨ੍ਹਾਂ ਨੂੰ ਜੋ ਜ਼ੁੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸੁਖਦੀਪ ਸਿੰਘ ਗਿੱਲ, ਹੁਸਨਦੀਪ ਸਿੰਘ, ਮਹਿਕਪ੍ਰਤੀ ਸਿੰਘ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਜਗਦੇਵ ਸਿੰਘ, ਕਮਲ ਰਤਨਹੇੜੀ, ਨਿਰਮਲ ਬਾਬਾ ਤੇ ਹੋਰ ਹਾਜ਼ਰ ਸਨ।