ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 10 ਅਗਸਤ
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਹੁਦੇਦਾਰਾਂ ਅਤੇ ਕਾਰਕੁਨਾਂ ਦੀ ਮੀਟਿੰਗ ਲੁਧਿਆਣਾ ਜ਼ਿਲ੍ਹਾ ਅਧੀਨ ਪੈਂਦੇ ਪਿੰਡ ਟਿੱਬਾ ਵਿੱਚ ਹੋਈ।
ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਕੀਤੀ ਮੀਟਿੰਗ ਦੌਰਾਨ ਬੋਲਦਿਆਂ ਤਾਰਾ ਸਿੰਘ ਅੱਚਰਵਾਲ, ਰਾਜ ਵੀਰ ਸਿੰਘ ਘੁਡਾਣੀ, ਜਗਤਾਰ ਸਿੰਘ ਦੇਹੜਕਾ, ਤਰਨਜੀਤ ਸਿੰਘ ਪੂਹਲੀ, ਸਤਬਿੀਰ ਸਿੰਘ ਬੋਪਾਰਾਏ, ਕੁਲਵੰਤ ਸਿੰਘ, ਸ਼ਿਵਦੀਪ ਸਿੰਘ ਅਤੇ ਜਸਵਿੰਦਰ ਸਿੰਘ ਆਦਿ ਨੇ ਦੋਸ਼ ਲਗਾਇਆ ਕਿ ਹੁਣ ਤੱਕ ਸੂਬਾ ਤੇ ਕੇਂਦਰ ਸਰਕਾਰਾਂ ਨੇ ਕਰਜ਼ਿਆਂ ਦੀ ਮਾਰ ਹੇਠ ਦਬ ਕੇ ਖ਼ੁਦਕਸ਼ੀਆਂ ਕਰਨ ਲਈ ਮਜਬੂਰ ਛੋਟੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਬਣੀ ‘ਆਪ’ ਦੀ ਸਰਕਾਰ ਤੋਂ ਹੋਰਨਾਂ ਵਰਗਾਂ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਵੱਡੀਆਂ ਆਸਾਂ ਦਿਖੀਆਂ ਸਨ ਪਰ ਹੁਣ ਤੱਕ ਇਸ ਸਰਕਾਰ ਨੇ ਵੀ ਕੁੱਝ ਨਹੀਂ ਕੀਤਾ।
ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਯੂਨੀਅਨ ਹਮਖ਼ਿਆਲੀ ਸੰਗਠਨਾਂ ਸਣੇ ਸੰਘਰਸ਼ ਕਰੇਗੀ।