ਭਾਈ ਮਰਦਾਨਾ ਵੈੱਲਫ਼ੇਅਰ ਸੁਸਾਇਟੀ ਦੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਖੰਨਾ, 27 ਜੂਨ
ਇਥੇ ਭਾਈ ਮਰਦਾਨਾ ਵੈੱਲਫ਼ੇਅਰ ਸੁਸਾਇਟੀ ਦੀ ਮੀਟਿੰਗ ਰਜਿੰਦਰ ਸਿੰਘ ਬਿੱਟੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਗੁਰੂ ਨਾਨਕ ਦੇਵ ਦੇ ਸਾਥੀ ਭਾਈ ਮਰਦਾਨਾ ਦੀ ਯਾਦ ਵਿੱਚ ਭਵਨ ਉਸਾਰੀ ਦੀ ਮੰਗ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜੀਤ ਖਾਨ ਗੋਰੀਆ ਨੇ ਕਿਹਾ ਕਿ ਇਸ ਸਬੰਧੀ ਜਲਦ ਇਕ ਵਫ਼ਦ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਦੇ ਪਹਿਲੇ ਕੀਰਤਨੀਏ ਰਬਾਬੀ ਭਾਈ ਮਰਦਾਨਾ ਦੀ ਸਿੱਖ ਜਗਤ ਵਿਚ ਵਡਮੁੱਲੀ ਕੀਰਤਨ ਸੇਵਾ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੇ ਨਾਂ ’ਤੇ ਵਿਕਾਸ ਭਲਾਈ ਬੋਰਡ ਬਣਾਇਆ ਜਾਵੇ ਜਿਸ ਰਾਹੀਂ ਇਸ ਬਿਰਾਦਰੀ ਨਾਲ ਸਬੰਧਿਤ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇ।
ਇਸ ਦੇ ਨਾਲ ਹੀ ਭਾਈ ਮਰਦਾਨਾ ਦੀ ਯਾਦ ਵਿਚ ਪੰਜਾਬ ਦੇ ਕਿਸੇ ਵੀ ਵੱਡੇ ਸ਼ਹਿਰ ਵਿਚ ਭਾਈ ਮਰਦਾਨਾ ਭਵਨ ਉਸਾਰਿਆ ਜਾਵੇ ਜਿੱਥੋਂ ਨੌਜਵਾਨ ਪੀੜ੍ਹੀ ਟੈਕਨੀਕਲ, ਕਿੱਤਾਮੁੱਖੀ ਕੋਰਸਾਂ ਜਾਂ ਉੱਚ ਮਿਆਰੀ ਸਿੱਖਿਆ ਪ੍ਰਾਪਤ ਕਰਕੇ ਰੁਜ਼ਗਾਰ ਹਾਸਲ ਕਰ ਸਕੇ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਪੰਜਾਬ ਸਰਕਾਰ ਭਾਈਚਾਰੇ ਦੀਆਂ ਉਕਤ ਮੰਗਾਂ ਤੇ ਸੰਜੀਦਗੀ ਨਾਲ ਵਿਚਾਰ ਕਰੇਗੀ। ਇਸ ਮੌਕੇ ਸਰਦਾਰਾ ਸਿੰਘ, ਭੁਪਿੰਦਰ ਸਿੰਘ, ਬੰਟੀ ਘੁਡਾਣੀ, ਹਿੰਮਤ ਸਿੰਘ, ਕਮਲਜੀਤ ਡਾਗੀ, ਨੋਸ਼ੀ ਗੋਰੀਆ, ਅਨਵਰ ਪਾਲੀ ਤੇ ਹੋਰ ਹਾਜ਼ਰ ਸਨ।