ਇੱਥੇ ਡੀ ਐੱਮ ਸੀ ਐਂਡ ਐੱਚ ਵਿੱਚ ਅੱਜ ਕਰਵਾਏ ਸਾਲਾਨਾ ਡਿਗਰੀ ਵੰਡ ਸਮਾਗਮ ਵਿੱਚ 110 ਹੋਣਹਾਰ ਐੱਮ ਬੀ ਬੀ ਐੱਸ ਗ੍ਰੈਜੂਏਟਾਂ ਨੂੰ ਡਿਗਰੀਆਂ ਦੀ ਵੰਡ ਕੀਤੀ ਗਈ। ਸਮਾਗਮ ਵਿੱਚ ਹਾਰਟ ਐਂਡ ਲੰਗ ਟ੍ਰਾਂਸਪਲਾਂਟ ਐੱਮ ਜੀ ਐੱਮ ਹੈਲਥਕੇਅਰ ਚੇਨੱਈ ਦੇ ਕਾਰੀਐਕ ਸਾਇੰਸਿਜ਼ ਐਂਡ ਡਾਇਰੈਕਟਰ ਦੇ ਚਅਰਮੈਨ ਡਾ. ਕੇ ਆਰ ਬਾਲਾਕ੍ਰਿਸ਼ਨਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਯੂਨੀਵਰਸਿਟੀ ਦੇ ਨਾਮਜ਼ਦ ਮੈਂਬਰ ਵਜੋਂ ਡਾ. ਸੁਲੇਨਾ ਵਿਸ਼ੇਸ਼ ਤੌਰ ’ਤੇ ਪਹੁੰਚੇ।
ਡੀ ਐੱਮ ਸੀ ਐਂਡ ਐੱਚ ਪ੍ਰਬੰਧਕੀ ਸੁਸਾਇਟੀ ਦੇ ਪ੍ਰਧਾਨ ਸੁਨੀਲ ਕਾਂਤ ਮੁੰਜਾਲ, ਸਕੱਤਰ ਬਿਪਿਨ ਗੁਪਤਾ, ਖਜ਼ਾਨਚੀ ਮੁਕੇਸ਼ ਵਰਮਾ ਅਤੇ ਪ੍ਰਿੰਸੀਪਲ ਡਾ. ਜੀ ਐੱਸ ਵਾਂਡਰ ਅਤੇ ਹੋਰਨਾਂ ਨੇ ਸਮਾਗਮ ਦੀ ਸ਼ੋਭਾ ਵਧਾਈ।
ਸਮਾਗਮ ਦੌਰਾਨ 100 ਹੋਣਹਾਰ ਐੱਮ ਬੀ ਬੀ ਐੱਸ ਵਿਦਿਆਰਥੀਆਂ ਨੂੰ ਡਿਗਰੀਆਂ, 77 ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ 14 ਵਿਦਿਆਰਥੀਆਂ ਨੂੰ ਤਗਮਿਆਂ ਦੀ ਵੰਡ ਕੀਤੀ ਗਈ। ਸਮਾਗਮ ’ਚ ਬੈਸਟ ਆਲ ਰਾਊਂਡਰ ਐਵਾਰਡ ਅਤੇ ਬੈਸਟ ਗ੍ਰੈਜੂਏਟ ਦਾ ਸਨਮਾਨ ਡਾ. ਹਰਜੱਸ ਸਿੰਘ ਸਹੋਤਾ ਅਤੇ ਸੈਕਿੰਡ ਬੈਸਟ ਗ੍ਰੈਜੂਏਟ ਦਾ ਸਨਮਾਨ ਡਾ. ਅਭੈ ਟਕਿਆਰ ਨੂੰ ਦਿੱਤਾ ਗਿਆ। ਕ੍ਰਿਟੀਕਲ ਕੇਅਰ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਪੀ ਐੱਲ ਗੌਤਮ, ਡੀ ਐੱਮ ਸੀ ਐਂਡ ਐੱਚ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਏਸ਼ਾਨੀ ਦੀਵਾਨ ਨੇ ਮੁੱਖ ਮਹਿਮਾਨ ਦੀ ਸਰੋਤਿਆਂ ਨਾਲ ਜਾਣ-ਪਛਾਣ ਕਰਵਾਈ ਅਤੇ ਨਵੇਂ ਮੈਡੀਕਲ ਗ੍ਰੈਜੂਏਟਾਂ ਨੂੰ ਵਧਾਈ ਦਿੱਤੀ।
ਪ੍ਰਬੰਧਕ ਕਮੇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਮੁੱਖ ਮਹਿਮਾਨ, ਸਰੋਤਿਆਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਡਿਗਰੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਚੰਗੇ ਇਨਸਾਨ ਅਤੇ ਉਸ ਤੋਂ ਬਾਅਦ ਚੰਗੇ ਡਾਕਟਰ ਬਣਨ ਲਈ ਕਿਹਾ। ਪ੍ਰਿੰਸੀਪਲ ਡਾ. ਜੀ ਐੱਸ ਵਾਂਡਰ ਨੇ ਸਾਲਾਨਾ ਕਾਲਜ ਰਿਪੋਰਟ ਪੇਸ਼ ਕੀਤੀ। ਰਿਪੋਰਟ ਵਿੱਚ ਉਨ੍ਹਾਂ ਨੇ ਸੰਸਥਾ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਮੈਡੀਕਲ ਸਿੱਖਿਆ, ਖੋਜ ਤੇ ਸਿਹਤ ਸੇਵਾਵਾਂ ਵਿੱਚ ਉੱਤਮਤਾ ਲਈ ਡੀ ਐੱਮ ਸੀ ਐਂਡ ਐੱਚ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਡੀਨ (ਅਕੈਡਮਿਕਸ) ਡਾ. ਸੰਦੀਪ ਕੌਸ਼ਲ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਇਨਾਮ ਜੇਤੂਆਂ ਦੀ ਜਾਣ-ਪਛਾਣ ਕਰਵਾਈ।

