ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਜੂਨ
ਸ਼ਰਾਬ ਦੇ ਨਸ਼ੇ ’ਚ ਧੁੱਤ ਮਜ਼ਦੂਰ ਦੀ ਰਾਜ ਮਿਸਤਰੀ ਨਾਲ ਬਹਿਸਬਾਜ਼ੀ ਹੋ ਗਈ। ਤੈਸ਼ ’ਚ ਆ ਕੇ ਮਜ਼ਦੂਰ ਨੇ ਰਾਜ ਮਿਸਤਰੀ ਦੇ ਸਿਰ ’ਤੇ ਲੋਹੇ ਦੀ ਰਾੜ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ, ਪਰ ਉੱਥੇ ਉਸ ਦੀ ਮੌਤ ਹੋ ਗਈ। ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਮੁਲਜ਼ਮ ਮਜ਼ਦੂਰ ਦੇ ਖਿਲਾਫ਼ ਕੇਸ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰਕੇ ਇੱਕ ਦਿਨਾਂ ਰਿਮਾਂਡ ’ਤੇ ਲੈ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਗਿਆਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜੇਸ਼ ਕੁਮਾਰ ਨੇ ਆਪਣੀ ਸਿਕਾਇਤ ’ਤੇ ਦੱਸਿਆ ਕਿ ਉਸ ਦੇ ਚਾਚੇ ਦਾ ਮੁੰਡਾ ਭਾਗ ਨਾਰਾਇਣ ਪਿਛਲੇ ਕਈ ਸਾਲਾਂ ਤੋਂ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਉਹ ਲਗਪਗ ਤਿੰਨ ਮਹੀਨੇ ਪਹਿਲਾਂ ਹੀ ਬਿਹਾਰ ਤੋਂ ਆਇਆ ਹੈ। ਇੰਨ੍ਹੀ ਦਿਨੀਂ ਉਹ ਸਨ ਵਿਊ ’ਚ ਠੇਕੇਦਾਰ ਲਖਵਿੰਦਰ ਸਿੰਘ ਕੋਲ ਕੰਮ ਕਰ ਰਿਹਾ ਸੀ। ਉਸਾਰੀ ਅਧੀਨ ਕੋਠੀ ਕੋਲ ਹੀ ਭਾਗ ਨਾਰਾਇਣ ਆਰਜ਼ੀ ਸ਼ੈੱਡ ’ਚ ਕਈ ਹੋਰ ਮਜ਼ਦੂਰਾਂ ਨਾਲ ਰਹਿੰਦਾ ਸੀ, ਪਰ 13 ਜੂਨ ਦੀ ਸ਼ਾਮ ਨੂੰ ਭਾਗ ਨਾਰਾਇਣ ਨੂੰ ਮਿਲਣ ਲਈ ਗਿਆ ਸੀ। ਉਦੋਂ ਉਸ ਨੇ ਦੇਖਿਆ ਕਿ ਉਸ ਦੇ ਭਰਾ ਭਾਗ ਨਾਰਾਇਣ ਅਤੇ ਰਣਜੀਤ ਮਹਿਤੋ ਵਿੱਚਕਾਰ ਸ਼ਰਾਬ ਪੀਣ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸ ਦੌਰਾਨ ਰਣਜੀਤ ਮਹਾਤੋ ਨੇ ਲੋਹੇ ਦੀ ਰਾਡ ਨਾਲ ਭਾਗ ਨਾਰਾਇਣ ਦੇ ਸਿਰ ’ਤੇ ਵਾਰ ਕਰ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ।