ਹਫ਼ਤਾਵਾਰੀ ਤਾਲਾਬੰਦੀ ਦੌਰਾਨ ਸੁੰਨੇ ਰਹੇ ਬਾਜ਼ਾਰ

* ਦੁਕਾਨਦਾਰਾਂ ਵੱਲੋਂ ਐਤਵਾਰ ਦੀ ਤਾਲਾਬੰਦੀ ਵੀ ਖਤਮ ਕਰਨ ਦੀ ਮੰਗ

ਹਫ਼ਤਾਵਾਰੀ ਤਾਲਾਬੰਦੀ ਦੌਰਾਨ ਸੁੰਨੇ ਰਹੇ ਬਾਜ਼ਾਰ

ਲੁਧਿਆਣਾ ਵਿੱਚ ਐਤਵਾਰ ਦੇ ਲੌਕਡਾਊਨ ਦੌਰਾਨ ਬੰਦ ਦੁਕਾਨਾਂ।-ਫੋਟੋ: ਹਿਮਾਂਸ਼ੂ

ਖੇਤਰੀ ਪ੍ਰਤੀਨਿਧ

ਲੁਧਿਆਣਾ, 20 ਜੂਨ

ਸਨਅਤੀ ਸ਼ਹਿਰ ਲੁਧਿਆਣਾ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਘਟਣ ਕਾਰਨ ਭਾਵੇਂ ਹਫਤੇ ਦੇ ਛੇ ਦਿਨ ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ ਖੋਲ੍ਹਣ ਦੀ ਖੁੱਲ੍ਹ ਹੈ ਪਰ ਐਤਵਾਰ ਨੂੰ ਹਫਤਾਵਾਰੀ ਤਾਲਾਬੰਦੀ ਲਗਾਤਾਰ ਜਾਰੀ ਹੈ। ਅੱਜ ਦੀ ਤਾਲਾਬੰਦੀ ਦੌਰਾਨ ਸ਼ਹਿਰ ਦੇ ਭੀੜ ਭੜੱਕੇ ਵਾਲੇ ਬਾਜ਼ਾਰ ਅਤੇ ਸੜਕਾਂ ਪੂਰੀ ਤਰ੍ਹਾਂ ਸੁੰਨੀਆਂ ਰਹੀਆਂ। ਕਈ ਦੁਕਾਨਦਾਰਾਂ ਨੇ ਪ੍ਰਸਾਸ਼ਨ ਨੂੰ ਮੰਗ ਕੀਤੀ ਕਿ ਹੋਰਨਾਂ ਦਿਨਾਂ ਦੀ ਤਰ੍ਹਾਂ ਐਤਵਾਰ ਦਾ ਲੌਕਡਾਊਨ ਵੀ ਖਤਮ ਕਰ ਦਿੱਤਾ ਜਾਵੇ। ਕਰੋਨਾ ਮਹਾਮਾਰੀ ਦਾ ਪ੍ਰਕੋਪ ਘੱਟ ਹੋਣ ਕਰਕੇ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਰੋਜਾਨਾ ਜੀਵਨ ਦੀ ਗੱਡੀ ਦੁਬਾਰਾ ਪਟੜੀ ਤੇ ਆਉਣੀ ਸ਼ੁਰੂ ਹੋ ਗਈ ਹੈ।ਭਾਵੇਂ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ ਪਰ ਬਹੁਤੇ ਲੋਕ ਇਸ ਦੀ ਪ੍ਰਵਾਹ ਨਹੀਂ ਕਰਦੇ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਸਾਸ਼ਨ ਵੱਲੋਂ ਅਜੇ ਐਤਵਾਰ ਦੀ ਤਾਲਾਬੰਦੀ ਲਗਾਤਾਰ ਜਾਰੀ ਰੱਖੀ ਗਈ ਹੈ। ਅੱਜ ਵੀ ਇਸ ਤਾਲਾਬੰਦੀ ਦੌਰਾਨ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਅਤੇ ਸੜਕਾਂ ਤੇ ਵੀ ਸੁੰਨ੍ਹ ਪਸਰੀ ਰਹੀ। ਦੂਰ ਦੁਰਾਡੇ ਇਲਾਕਿਆਂ ਵਿੱਚ ਟਾਵੀਂ ਟਾਵੀਂ ਦੁਕਾਨ ਖੁੱਲ੍ਹੀ ਹੋਈ ਸੀ ਪਰ ਸੜਕਾਂ ਤੇ ਭੀੜ ਨਾ ਮਾਤਰ ਹੀ ਦਿਖਾਈ ਦੇ ਰਹੀ ਸੀ। ਦੂਜੇ ਪਾਸੇ ਕਈ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਦੁਕਾਨਾਂ ਵਿੱਚ ਗਰਮੀਆਂ ਦਾ ਸਮਾਨ ਭਰਿਆ ਹੋਇਆ ਹੈ। ਉਨ੍ਹਾਂ ਨੇ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਬਾਕੀ ਦਿਨਾਂ ਦੀ ਤਰ੍ਹਾਂ ਐਤਵਾਰ ਦਾ ਲੌਕਡਾਊਨ ਵੀ ਖਤਮ ਕਰ ਦਿੱਤਾ ਜਾਵੇ ਤਾਂ ਜੋ ਉਹ ਹੋਰ ਆਰਥਿਕ ਬੋਝ ਹੇਠਾਂ ਦਬਣ ਤੋਂ ਬਚ ਸਕਣ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All