DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

PM Narendra Modi ਦੀ Punjab ਫੇਰੀ ਮੱਦੇਨਜ਼ਰ ਕਈ ਆਗੂ ਘਰਾਂ ’ਚ ਨਜ਼ਰਬੰਦ

ਸ਼ਿਵ ਸੈਨਾ ਆਗੂਆਂ ਨੇ ਕਾਫਲਾ ਰੋਕਣ ਦੀ ਦਿੱਤੀ ਸੀ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਹਿੰਦੂ ਜਥੇਬੰਦੀ ਦੇ ਆਗੂ ਹਿੰਦੂ ਆਗੂ ਭਾਨੂ ਪ੍ਰਤਾਪ ਦੇ ਘਰ ਦੇ ਬਾਹਰ ਤਾਇਨਾਤ ਪੁਲੀਸ।
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਕਰ ਕੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆਈਆਂ। ਇਸੇ ਤਹਿਤ ਲੁਧਿਆਣਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਸ਼ਿਵ ਸੈਨਾ ਅਤੇ ਯੂਥ ਕਾਂਗਰਸ ਦੇ ਕਈ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ। ਇਹ ਕਾਰਵਾਈ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਰੋਕਣ ਅਤੇ ਕਾਲੇ ਝੰਡੇ ਦਿਖਾਉਣ ਦੇ ਐਲਾਨ ਤੋਂ ਬਾਅਦ ਕੀਤੀ ਗਈ। ਸਵੇਰ ਤੋਂ ਹੀ ਦੋਵਾਂ ਜਥੇਬੰਦੀਆਂ ਦੇ ਕਈ ਆਗੂਆਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਰੱਖਿਆ ਗਿਆ।

ਲੁਧਿਆਣਾ ਵਿੱਚ ਹਿੰਦੂ ਆਗੂਆਂ ’ਤੇ ਦਰਜ ਕੇਸਾਂ ਦੇ ਵਿਰੋਧ ਵਿੱਚ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਨੇ ਪ੍ਰਧਾਨ ਮੰਤਰੀ ਦੇ ਕਾਫਲੇ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਸੀ। ਇਸ ਮਗਰੋਂ ਹਰਕਤ ਵਿੱਚ ਆਈ ਪੁਲੀਸ ਨੇ ਤੜਕੇ ਹੀ ਸ਼ਿਵ ਸੈਨਾ ਆਗੂਆਂ ਦੇ ਘਰਾਂ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਪੁਲੀਸ ਫੋਰਸ ਨੇ ਰਾਜੀਵ ਟੰਡਨ, ਭਾਨੂ ਪ੍ਰਤਾਪ, ਪਵਨ ਮਾਨ ਅਤੇ ਸੰਦੀਪ ਥਾਪਰ ਸਣੇ ਕਈ ਆਗੂਆਂ ਨੂੰ ਘਰਾਂ ਵਿੱਚ ਕੈਦ ਕਰ ਦਿੱਤਾ ਅਤੇ ਕਿਸੇ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਘੇਰਾਬੰਦੀ ਤੋਂ ਭੜਕੇ ਸੰਜੀਵ ਘਨੌਲੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਝੂਠੇ ਮੁਕੱਦਮੇ ਵਾਪਸ ਨਾ ਲਏ ਗਏ ਤਾਂ ਸੋਮਵਾਰ ਨੂੰ ਲੁਧਿਆਣਾ ਵਿੱਚ ਧਰਨਾ ਦਿੱਤਾ ਜਾਵੇਗਾ ਅਤੇ ਮਗਰੋਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਦਾ ਰੁਖ਼ ਕੀਤਾ ਜਾਵੇਗਾ।

Advertisement

ਨਜ਼ਰਬੰਦ ਕੀਤੇ ਗਏ ਆਗੂ ਭਾਨੂ ਪ੍ਰਤਾਪ ਨੇ ਦੋਸ਼ ਲਾਇਆ ਕਿ ਹਿੰਦੂ ਆਗੂਆਂ ਦੀ ਆਵਾਜ਼ ਦਬਾਉਣ ਲਈ ਸੱਤਾਧਾਰੀ ਧਿਰ ਗਲਤ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਤਿਵਾਦ ਦੌਰਾਨ ਹਜ਼ਾਰਾਂ ਹਿੰਦੂਆਂ ਨੇ ਜਾਨਾਂ ਗਵਾਈਆਂ ਅਤੇ ਅੱਜ ਜਦੋਂ ਉਹ ਸਮਾਜ ਦੇ ਹੱਕ ਵਿੱਚ ਬੋਲ ਰਹੇ ਹਨ ਤਾਂ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਦੂਜੇ ਪਾਸੇ ਪੁਲੀਸ ਅਧਿਕਾਰੀਆਂ ਦਾ ਤਰਕ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਇਹ ਕਾਰਵਾਈ ਮਹਿਜ਼ ਸੁਰੱਖਿਆ ਪ੍ਰੋਟੋਕੋਲ ਤਹਿਤ ਕੀਤੀ ਗਈ ਹੈ।

Advertisement

ਇਸੇ ਤਰ੍ਹਾਂ ਨੀਟ ਪ੍ਰੀਖਿਆ ਪੇਪਰ ਲੀਕ ਹੋਣ ਦੇ ਮੁੱਦੇ ਉੱਤੇ ਜਲੰਧਰ ਜਾ ਕੇ ਵਿਰੋਧ ਕਰਨ ਦੀ ਤਿਆਰੀ ਕਰ ਰਹੇ ਪੰਜਾਬ ਯੂਥ ਕਾਂਗਰਸ ਦੇ ਕਾਰਕੁਨਾਂ ਦੀ ਲਾਡੋਵਾਲ ਟੌਲ ਪਲਾਜ਼ਾ ’ਤੇ ਪੁਲੀਸ ਨਾਲ ਤਿੱਖੀ ਬਹਿਸ ਹੋਈ। ਸੂਬਾ ਪ੍ਰਧਾਨ ਸ਼ੁਭਮ ਸ਼ਰਮਾ ਸ਼ੂਬੀ ਆਪਣੇ ਸਮਰਥਕਾਂ ਨਾਲ ਕਾਲੇ ਝੰਡੇ ਦਿਖਾਉਣ ਲਈ ਜਲੰਧਰ ਵੱਲ ਵਧ ਰਹੇ ਸਨ ਕਿ ਪੁਲੀਸ ਨੇ ਨਾਕਾ ਲਾ ਕੇ ਉਨ੍ਹਾਂ ਨੂੰ ਰੋਕ ਲਿਆ। ਯੂਥ ਕਾਂਗਰਸ ਨੇ ਦੋਸ਼ ਲਾਇਆ ਕਿ ਪੁਲੀਸ ਨੇ ਬਦਸਲੂਕੀ ਕੀਤੀ ਅਤੇ ਧੱਕਾਮੁੱਕੀ ਦੌਰਾਨ ਧਮਕੀਆਂ ਵੀ ਦਿੱਤੀਆਂ। ਇਸ ਮਗਰੋਂ ਪੁਲੀਸ ਨੇ ਸ਼ੁਭਮ ਸ਼ੂਬੀ ਨੂੰ ਹਿਰਾਸਤ ਵਿੱਚ ਲੈ ਲਿਆ।

ਪੁਲੀਸ ਕਮਿਸ਼ਨਰ ਨੇ ਸੰਭਾਲੀ ਸੁਰੱਖਿਆ ਪ੍ਰਬੰਧਾਂ ਦੀ ਕਮਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੇ ਮੱਦੇਨਜ਼ਰ ਲੁਧਿਆਣਾ ਵਿੱਚ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਇਸੇ ਲੜੀ ਤਹਿਤ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਬੀਤੀ ਦੇਰ ਰਾਤ ਭਾਰੀ ਪੁਲੀਸ ਫੋਰਸ ਸਮੇਤ ਰੇਲਵੇ ਸਟੇਸ਼ਨ ਦਾ ਜਾਇਜ਼ਾ ਲੈਣ ਪੁੱਜੇ। ਉਨ੍ਹਾਂ ਰੇਲਵੇ ਸਟੇਸ਼ਨ ’ਤੇ ਅਚਨਚੇਤ ਚੈਕਿੰਗ ਮੁਹਿੰਮ ਦੀ ਕਮਾਨ ਸੰਭਾਲੀ ਅਤੇ ਅਧਿਕਾਰੀਆਂ ਨੂੰ ਚੱਪੇ-ਚੱਪੇ ’ਤੇ ਤਿੱਖੀ ਨਜ਼ਰ ਰੱਖਣ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ। ਇਸ ਦੌਰਾਨ ਰੇਲਵੇ ਸਟੇਸ਼ਨ ਦੇ ਮੁੱਖ ਐਂਟਰੀ ਗੇਟ ਤੋਂ ਇਲਾਵਾ ਆਸ-ਪਾਸ ਦੇ ਤਮਾਮ ਰਸਤਿਆਂ ’ਤੇ ਵੀ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲੀਸ ਕਮਿਸ਼ਨਰ ਦਾ ਮੁੱਖ ਫੋਕਸ ਰੇਲਵੇ ਸਟੇਸ਼ਨ ਦੇ ਬਾਹਰੀ ਹਿੱਸੇ ਵਿੱਚ ਪਸਰੀ ਬਦਇੰਤਜ਼ਾਮੀ ਅਤੇ ਨਾਜਾਇਜ਼ ਕਬਜ਼ਿਆਂ ’ਤੇ ਰਿਹਾ। ਸਟੇਸ਼ਨ ਦੇ ਦੋਵਾਂ ਪਾਸਿਆਂ ਦਾ ਨਿਰੀਖਣ ਕਰਦਿਆਂ ਉਨ੍ਹਾਂ ਨੇ ਸੜਕ ਕਿਨਾਰੇ ਨਾਜਾਇਜ਼ ਤੌਰ ’ਤੇ ਇਸ਼ਤਿਹਾਰੀ ਬੋਰਡ, ਰੇਹੜੀਆਂ ਅਤੇ ਹੋਰ ਸਾਮਾਨ ਰੱਖ ਕੇ ਰਾਹਗੀਰਾਂ ਦਾ ਰਸਤਾ ਰੋਕਣ ਵਾਲੇ ਹੋਟਲ ਤੇ ਢਾਬਾ ਸੰਚਾਲਕਾਂ ਨੂੰ ਸਖ਼ਤ ਤਾੜਨਾ ਕੀਤੀ। ਉਨ੍ਹਾਂ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਮੌਜੂਦਾ ਸਮੇਂ ਸਿਰਫ਼ ਹਦਾਇਤ ਦਿੱਤੀ ਜਾ ਰਹੀ ਹੈ, ਪਰ ਜੇਕਰ ਦੁਬਾਰਾ ਉਲੰਘਣਾ ਪਾਈ ਗਈ ਤਾਂ ਸਿੱਧਾ ਕਾਨੂੰਨੀ ਮੁਕੱਦਮਾ ਹੋਵੇਗਾ। ਜਨਤਕ ਰਸਤਿਆਂ ’ਤੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਕੋਈ ਵੀ ਨਾਜਾਇਜ਼ ਕਬਜ਼ਾ ਬਰਦਾਸ਼ਤ ਨਾ ਕਰਨ ਦੀ ਗੱਲ ਕਹਿੰਦਿਆਂ ਪੁਲੀਸ ਕਮਿਸ਼ਨਰ ਨੇ ਮੌਕੇ ’ਤੇ ਮੌਜੂਦ ਏ ਸੀ ਪੀ ਅਨਿਲ ਭਨੋਟ, ਏ ਡੀ ਸੀ ਪੀ ਰਮਨਦੀਪ ਭੁੱਲਰ ਅਤੇ ਐਸ ਐਚ ਓ ਪਰਮਦੀਪ ਸਿੰਘ ਨੂੰ ਚੌਵੀ ਘੰਟੇ ਸਟੇਸ਼ਨ ਇਲਾਕੇ ਵਿੱਚ ਗਸ਼ਤ ਕਰਨ ਦੀ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਪੂਰੇ ਇਲਾਕੇ ਨੂੰ ਸਾਫ਼ ਕਰਨ ਲਈ ਦੋ ਦਿਨਾਂ ਦੀ ਸਮਾਂ ਸੀਮਾ ਤੈਅ ਕੀਤੀ ਹੈ। ਇਸ ਦੇ ਨਾਲ ਹੀ ਨਗਰ ਨਿਗਮ ਦੀ ਟੀਮ ਨੂੰ ਨਾਲ ਲੈ ਕੇ ਇੱਕ ਸਾਂਝੀ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਸਟੇਸ਼ਨ ਦੇ ਦੋਵਾਂ ਕਿਨਾਰਿਆਂ ਤੋਂ ਨਾਜਾਇਜ਼ ਕਬਜ਼ੇ ਪੱਕੇ ਤੌਰ ’ਤੇ ਹਟਾਏ ਜਾ ਸਕਣ।

Advertisement
×