ਹਲਕਾ ਆਤਮ ਨਗਰ ਤੇ ਦੱਖਣੀ ’ਚ ਕਈ ਪਰਿਵਾਰ ਕਾਂਗਰਸ ’ਚ ਸ਼ਾਮਲ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਜੁਲਾਈ
ਕਾਂਗਰਸ ਪਾਰਟੀ ਨੂੰ ਅੱਜ ਹਲਕਾ ਆਤਮ ਨਗਰ ਅਤੇ ਦੱਖਣੀ ਵਿੱਚ ਉਸ ਵਕਤ ਮਜ਼ਬੂਤੀ ਮਿਲੀ ਜਦੋਂ ਕਈ ਨੌਜਵਾਨਾਂ ਨੇ ਦੂਜੀਆਂ ਪਾਰਟੀਆਂ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ। ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਦੇ ਦੁੱਗਰੀ ਸਥਿਤ ਦਫ਼ਤਰ ਵਿੱਚ ਹੋਏ ਇੱਕ ਸਮਾਗਮ ਦੌਰਾਨ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਨੌਜਵਾਨਾਂ ਦਾ ਸਾਬਕਾ ਵਿਧਾਇਕ ਬੈਂਸ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਬੈਂਸ ਨੇ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕੇ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਲਗ ਚੁੱਕਾ ਹੈ ਕਿ ਕਾਂਗਰਸ ਪਾਰਟੀ ਆਪਣੇ ਹਰ ਵਰਕਰ ਨੂੰ ਉਸਦਾ ਬਣਦਾ ਮਾਨ ਸਨਮਾਨ ਦਿੰਦੀ ਹੈ।
ਬੈਂਸ ਨੇ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਕਾਂਗਰਸ ਪਾਰਟੀ ਹੈ ਜਦਕਿ ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਆਧਾਰ ਜ਼ੀਰੋ ਹੈ। ਉਨ੍ਹਾਂ ਕਿਹਾ ਕਿ ‘ਆਪ’ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਾ ਹੈ ਅਤੇ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ‘ਆਪ’ ਸਰਕਾਰ ਸਿਰਫ਼ ਗਪੌੜਿਆਂ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਜਿਸ ਬਦਲਾਅ ਨੂੰ ਲੈ ਕੇ ਲੋਕਾਂ ਨੇ ‘ਆਪ’ ਸਰਕਾਰ ਨੂੰ ਚੁਣਿਆ ਸੀ ਅੱਜ ਉਹੀ ਸਰਕਾਰ ਦੇ ਆਗੂ ਉਨ੍ਹਾਂ ਨੂੰ ਖੂਨ ਦੇ ਹੰਝੂ ਰੋਣ ਲਈ ਮਜ਼ਬੂਰ ਕਰ ਰਹੇ ਹਨ। ਇਸ ਲਈ ਉਨ੍ਹਾਂ ਕੋਲ ਆਖਰੀ ਬਦਲ ਕਾਂਗਰਸ ਪਾਰਟੀ ਹੀ ਹੈ।
ਬੈਂਸ ਨੇ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਮੁੜ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਸੱਤਾ ਵਿੱਚ ਵਾਪਿਸੀ ਕਰੇਗੀ। ਇਸ ਮੌਕੇ ਅਮਨ ਸਹੋਤਾ, ਰਾਜਨ ਸਹੋਤਾ, ਕਰਨ ਡਾਬਾ, ਪ੍ਰਿੰਸ ਡਾਬਾ, ਸਰਵਨ ਕੁਮਾਰ, ਨਵੀਨ ਚਵਰੀਆ, ਵਿਵੇਕ ਚੰਡਲੀਆ, ਵਨੀਤ, ਸ਼ੁਭਮ, ਅਰਜੁਨ, ਨਿਤੀਸ਼, ਅਨਮੋਲ, ਅਭੀ ਅਤੇ ਅਸ਼ੋਕ ਕੁਮਾਰ ਵੀ ਮੌਜੂਦ ਸਨ।