ਨੌਜਵਾਨ ਦਾ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ
ਖੰਨਾ ਪੁਲੀਸ ਨੇ ਪਿਛਲੇ ਦਿਨੀਂ ਪਿੰਡ ਮਾਣਕੀ ਵਿੱਚ ਰਾਤ ਵੇਲੇ ਇਕ ਵਿਅਕਤੀ ’ਤੇ ਗੋਲੀਆਂ ਚਲਾਉਣ ਵਾਲੇ ਗਰੋਹ ਦੇ 19 ਮੈਬਰਾਂ ਨੂੰ 2 ਪਿਸਤੌਲਾਂ, 2 ਮੈਗਜ਼ੀਨ ਅਤੇ 6 ਜਿੰਦਾਂ ਰੌਂਦਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਐੱਸ ਐੱਸ ਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ 3 ਨਵੰਬਰ ਨੂੰ ਨੇੜਲੇ ਪਿੰਡ ਮਾਣਕੀ, ਸਮਰਾਲਾ ਵਿੱਚ ਕੁਝ ਵਿਅਕਤੀਆਂ ਵੱਲੋਂ ਗੁਰਵਿੰਦਰ ਸਿੰਘ ਉਰਫ਼ ਗਿੰਦਾ ਅਤੇ ਧਰਮਵੀਰ ਸਿੰਘ ਉਰਫ਼ ਧਰਮਾ ’ਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਵਿਚ ਗੁਰਵਿੰਦਰ ਸਿੰਘ ਦੇ ਢਿੱਡ ਵਿਚ ਗੋਲੀਆਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ। ਪੁਲੀਸ ਨੇ ਇਸ ਮਾਮਲੇ ’ਚ ਕੇਸ ਦਰਜ ਕਰਕੇ ਗੁਰਤੇਜ ਸਿੰਘ ਉਰਫ਼ ਤੇਜੀ, ਹਰਕਮਲ ਸਿੰਘ ਉਰਫ਼ ਕਮਲ, ਸਿੰਮੀ ਬਾਲਿਓ, ਸੰਦੀਪ ਵਾਸੀ ਦਿਆਲਪੁਰ, ਰਵੀ ਵਾਸੀ ਰਾਜਗੜ੍ਹ ਅਤੇ ਨਾਮਾਲੂਮ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ। ਪੁਲੀਸ ਨੇ ਮੁਲਜ਼ਮਾਂ ਦੇ 13 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚਾਰ ਮੁਲਜ਼ਮਾਂ ਹਰਕਰਨ ਸਿੰਘ ਉਰਫ਼ ਕਰਨ, ਗੁਰਤੇਜ ਸਿੰਘ ਉਰਫ ਤੇਜੀ, ਜਸਪ੍ਰੀਤ ਸਿੰਘ ਉਰਫ਼ ਜੱਸੂ ਅਤੇ ਰਾਜਵੀਰ ਸਿੰਘ ਉਰਫ਼ ਲਾਲੀ ਨੂੰ ਦਵਿੰਦਰ ਸਿੰਘ ਵਾਸੀ ਰਾਟੋਕੇ (ਤਰਨ ਤਾਰਨ) ਦੇ ਘਰੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਹਰਕਰਨ ਸਿੰਘ ਉਰਫ਼ ਕਰਨ ਅਤੇ ਗੁਰਤੇਜ ਸਿੰਘ ਦੀ ਨਿਸ਼ਾਨਦੇਹੀ ’ਤੇ ਟੌਲ ਪਲਾਜ਼ਾ ਪਿੰਡ ਕੁੱਬੇ (ਸਮਰਾਲਾ) ਵਿੱਚ ਲੁਕਾ ਕੇ ਰੱਖੇ ਹਥਿਆਰ ਬਰਾਮਦ ਕਰਵਾਉਣ ਪੁਲੀਸ ਮੁਲਜ਼ਮਾਂ ਨੂੰ ਮੌਕ ’ਤੇ ਲੈ ਕੇ ਪੁੱਜੀ ਤਾਂ ਹਰਕਰਨ ਸਿੰਘ ਨੇ ਪਿਸਤੌਲ ਚੁੱਕੇ ਕੇ ਭੱਜਣ ਦੀ ਨੀਅਤ ਨਾਲ ਪੁਲੀਸ ’ਤੇ ਗੋਲੀ ਚਲਾਈ ਜੋ ਸਬ-ਇੰਸਪੈਕਟਰ ਨਰਪਿੰਦਰਪਾਲ ਸਿੰਘ ਦੇ ਪੱਟ ਵਿੱਚ ਲੱਗੀ। ਪੁਲੀਸ ਅਧਿਕਾਰੀਆਂ ਨੇ ਜਾਨ ਬਚਾਉਣ ਲਈ ਮੁਲਜ਼ਮ ’ਤੇ ਗੋਲੀ ਗਲਾਈ ਤਾਂ ਗੁਰਤੇਜ ਸਿੰਘ ਨੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੇ ਸੱਟਾਂ ਲੱਗੀਆਂ ਪਰ ਉਸ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ। ਜਾਂਚ ਸਾਹਮਣੇ ਆਇਆ ਹੈ ਕਿ ਰੰਜਿਸ਼ ਕਾਰਨ ਹਰਕਰਨ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।
