ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਵੱਲੋਂ ਮੁਹਾਲੀ ਦੇ ਇੱਕ ਨੌਜਵਾਨ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ ਕੱਪੜਿਆਂ ਦੀ ਇੱਕ ਦੁਕਾਨ ਤੋਂ ਕੱਪੜੇ ਖਰੀਦਣ ਤੋਂ ਬਾਅਦ ਆਨਲਾਈਨ ਗੂਗਲ ਪੇਅ ਰਾਹੀਂ ਅਦਾਇਗੀ ਕਰਨ ਦੇ ਬਹਾਨੇ ਉਲਟਾ ਦੁਕਾਨਦਾਰ ਤੋਂ ਆਪਣੇ ਖਾਤੇ ਵਿੱਚ ਹਜ਼ਾਰਾਂ ਰੁਪਏ ਪੁਆ ਲਏ।
ਇੰਦਰ ਵਿਹਾਰ, ਕਾਲੀ ਸੜਕ ਵਾਸੀ ਵਿਕਾਸ ਥਾਪਰ ਦੀ ਆਰ ਜੋਨੀ ਗਾਰਮੈਟਸ ਨਾਮ ਦੀ ਦੁਕਾਨ ਗਾਂਧੀ ਨਗਰ ਵਿੱਚ ਹੈ ਜਿੱਥੇ ਇੱਕ ਗਾਹਕ ਆਇਆ ਅਤੇ ਮਹਿੰਗਾ ਸਾਮਾਨ ਸ਼ਰੀਦਿਆ। ਜਦੋਂ ਦੁਕਾਨਦਾਰ ਸਾਮਾਨ ਪੈਕ ਕਰ ਰਿਹਾ ਸੀ ਤਾਂ ਉਸਨੇ ਚਲਾਕੀ ਨਾਲ ਆਪਣੇ ਮੋਬਾਈਲ ਫੋਨ ਦੇ ਸਕੈਨਰ ਨਾਲ ਦੁਕਾਨਦਾਰ ਤੋਂ ਹੀ ਗੂਗਲ ਪੇਅ ਰਾਹੀਂ 12 ਹਜ਼ਾਰ ਰੁਪਏ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾ ਲਏ। ਇਸ ਤੋਂ ਬਾਅਦ ਉਹ ਦੁਕਾਨ ਅੰਦਰ ਹੀ ਸਾਮਾਨ ਰੱਖ ਕੇ ਬਾਥਰੂਮ ਜਾਣ ਦਾ ਕਹਿ ਕੇ ਚਲਾ ਗਿਆ ਪਰ ਕਾਫ਼ੀ ਦੇਰ ਵਾਪਸ ਨਾ ਆਇਆ। ਇਸ ਦੌਰਾਨ ਦੁਕਾਨਦਾਰ ਨੇ ਸ਼ੱਕ ਪੈਣ ’ਤੇ ਜਦੋਂ ਆਲੇ-ਦੁਆਲੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਧੋਖੇਬਾਜ਼ ਨੇ ਪਹਿਲਾਂ ਵੀ ਕਈ ਦੁਕਾਨਦਾਰਾਂ ਨਾਲ ਅਜਿਹੀ ਹੀ ਧੋਖਾਧੜੀ ਕੀਤੀ ਹੈ।
ਥਾਣਾ ਡਿਵੀਜ਼ਨ ਨੰਬਰ 4 ਦੇ ਥਾਣੇਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਨ ਮਗਰੋਂ ਵਰਤੀ ਚੌਕਸੀ ਨਾਲ ਸਾਹਿਲ ਮੱਕੜ ਵਾਸੀ ਸੈਕਟਰ-70 ਮੁਹਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

