ਨਾਬਾਲਗ ਨੂੰ ਬਲੈਕਮੇਲ ਕਰਨ ਵਾਲਾ ਕਾਬੂ
ਪੁਲੀਸ ਨੇ ਪਿੰਡ ਮੱਲ੍ਹਾ ਦੇ ਨਾਬਾਲਗ ਬੱਚੇ ਨੂੰ ਡਰਾ-ਧਮਕਾ ਕੇ ਬਲੈਕਮੇਲ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇੰਸਪੈਕਟਰ ਕੁਲਜਿੰਦਰ ਸਿੰਘ, ਮੁਖੀ ਥਾਣਾ ਹਠੂਰ ਨੇ ਦੱਸਿਆ ਕਿ ਪਿੰਡ ਮੱਲ੍ਹਾ ਦੇ ਪੀੜਤ ਨਾਬਾਲਗ ਲੜਕੇ (14) ਨੂੰ ਪਿੰਡ ਵਾਸੀ ਅਰਸ਼ਦੀਪ ਸਿੰਘ ਉਰਫ਼ ਜੂੜੀ ਨੇ ਬੜੀ ਚਲਾਕੀ ਨਾਲ ਇਹ ਕਹਿ ਕੇ ਆਪਣੇ ਜਾਲ ਵਿੱਚ ਫਸਾ ਲਿਆ ਕਿ ਉਹ ਫੋਨ ’ਤੇ ਕੁੜੀਆਂ ਨਾਲ ਗਲਤ ਗੱਲਾਂ ਕਰਦਾ ਹੈ ਜਿਸਦੇ ਉਸ ਕੋਲ ਸਬੂਤ ਹਨ ਤੇ ਉਹ ਇਸ ਬਾਰੇ ਉਸ ਦੇ ਮਾਪਿਆਂ ਅਤੇ ਲੋਕਾਂ ਨੂੰ ਦੱਸ ਦੇਵੇਗਾ। ਪੀੜਤ ਉਮਰ ’ਚ ਛੋਟਾ ਹੋਣ ਕਾਰਨ ਉਸ ਕੋਲੋਂ ਡਰਨ ਲੱਗਾ। ਪਹਿਲਾਂ ਮੁਲਜ਼ਮ ਨੇ ਉਸ ਤੋਂਂ ਛੋਟੀਆਂ ਮੰਗਾਂ ਮਨਵਾਈਆਂ ਤੇ ਫਿਰ ਪੀੜਤ ਨੂੰ ਆਖਿਆ ਕਿ ਉਹ ਘਰ ਵਿੱਚ ਪਏ ਸੋਨੇ ਦੇ ਗਹਿਣੇ ਲਿਆ ਕੇ ਦੇੇਵੇ, ਜਿਸ ’ਤੇ ਪੀੜਤ ਨਾਬਾਲਗ ਲੜਕੇ ਨੇ ਆਪਣੇ ਘਰੋਂ ਸੋਨੇ ਦਾ ਹਾਰ ਤੇ ਕਾਂਟੇ ਆਦਿ (ਜਿਨ੍ਹਾਂ ਦਾ ਵਜ਼ਨ ਕਰੀਬ ਸਾਢੇ ਤਿੰਨ ਤੋਲੇ ਸੀ) ਮੁਲਜ਼ਮ ਨੂੰ ਲਿਆ ਕੇ ਦੇ ਦਿੱਤੇ। ਮੁਲਜ਼ਮ ਨੇ ਪੀੜਤ ਨਾਬਾਲਗ ਨੂੰ ਧਮਕਾਇਆ ਕਿ ਜੇਕਰ ਉਸ ਨੇ ਸੋਨੇ ਦੇ ਗਹਿਣਿਆਂ ਬਾਰੇ ਕਿਸੇ ਕੋਲ ਗੱਲ ਕੀਤੀ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਇਸ ਤੋਂ ਬਾਅਦ ਨਾਬਾਲਗ ਡਰ ਅਤੇ ਸਹਿਮ ’ਚ ਰਹਿਣ ਲੱਗਾ। ਇੱਕ ਦਿਨ ਫਿਰ ਮੁਲਜ਼ਮ ਨੇ ਪੀੜਤ ਨਾਬਾਲਗ ਨੂੰ ਤੋਂ ਗਹਿਣਿਆਂ ਦੀ ਮੰਗ ਕੀਤੀ। ਨਾਬਾਲਗ ਦੇ ਮਾਪਿਆਂ ਨੇ ਸ਼ੱਕ ਹੋਣ ’ਤੇ ਬੱਚੇ ਤੋਂ ਇਸ ਬਾਰੇ ਪੁੱਛਿਆ ਜਿਸ ਮਗਰੋਂ ਸਾਰਾ ਭੇਤ ਖੁੱਲ੍ਹਿਆ। ਪੀੜਤ ਦੇ ਪਿਤਾ ਨੇ ਥਾਣਾ ਹਠੂਰ ਪੁੱਜ ਕੇ ਮੁਲਜ਼ਮ ਖਿਲਾਫ਼ ਬਿਆਨ ਦਰਜ ਕਰਵਾਏ। ਸਹਾਇਕ ਸਬ-ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਰਸ਼ਦੀਪ ਸਿੰਘ ਜੂੜੀ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈਣ ਉਪਰੰਤ ਅਦਾਲਤੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ।
