ਭਾਰੀ ਮੀਂਹ ਕਾਰਨ ਮੱਕੀ ਦੇ ਕਾਸ਼ਤਕਾਰ ਨਿਰਾਸ਼
ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਰਾਹਤ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 16 ਜੂਨ
ਅੱਜ ਬਾਅਦ ਦੁਪਹਿਰ ਅਚਨਚੇਤ ਪਏ ਮੀਂਹ ਬਾਰਿਸ਼ ਕਾਰਨ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਮਾਛੀਵਾੜਾ ਅਨਾਜ ਮੰਡੀ ’ਵਿੱਚ ਵਿਕਣ ਆਈ ਹਜ਼ਾਰਾਂ ਕੁਇੰਟਲ ਮੱਕੀ ਦੀ ਫਸਲ ਅੱਜ ਪਏ ਮੀਂਹ ਕਾਰਨ ਭਿੱਜ ਗਈ ਹੈ। ਮੀਂਹ ਐਨੀ ਤੇਜ਼ੀ ਨਾਲ ਆਇਆ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਫੜ੍ਹਾਂ ਵਿਚ ਪਈ ਫਸਲ ਸੰਭਾਲਣ ਦਾ ਮੌਕਾ ਹੀ ਨਹੀਂ ਮਿਲਿਆ। ਮੰਡੀ ਦੇ ਸੀਵਰੇਜ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਜਮ੍ਹਾਂ ਹੋਣ ਲੱਗ ਪਿਆ ਤੇ ਕਈ ਥਾਈਂ ਫਸਲ ਪਾਣੀ ਵਿੱਚ ਰੁੜ੍ਹਦੀ ਵੀ ਦਿਖਾਈ ਦਿੱਤੀ। ਮਾਛੀਵਾੜਾ ਇਲਾਕੇ ਵਿਚ ਇਸ ਵਾਰ ਮੱਕੀ ਫਸਲ ਦੀ ਕਾਸ਼ਤ ਵੱਧ ਕੀਤੀ ਗਈ ਹੈ ਤੇ ਹਾਲੇ ਇਸ ਵਿੱਚੋਂ 25 ਫੀਸਦ ਫਸਲ ਹੀ ਵਿਕਣ ਲਈ ਮੰਡੀ ਪਹੁੰਚੀ ਹੈ ਪਰ ਤੇਜ਼ ਮੀਂਹ ਨੇ ਕਿਸਾਨਾਂ ਨੂੰ ਕਾਫ਼ੀ ਆਰਥਿਕ ਸੱਟ ਮਾਰੀ ਹੈ। ਮੀਂਹ ਕਾਰਨ ਹੁਣ ਖੇਤਾਂ ਵਿਚ ਖੜ੍ਹੀ ਫਸਲ ਦੀ ਕਟਾਈ ਦਾ ਕੰਮ ਵੀ ਪੱਛੜ ਗਿਆ ਹੈ। ਦੂਸਰੇ ਪਾਸੇ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਮੀਂਹ ਪੈਣ ਨਾਲ ਕਾਫ਼ੀ ਰਾਹਤ ਮਿਲੀ ਹੈ। ਗਰਮੀ ਕਾਰਨ ਉਹ ਖੇਤਾਂ ਵਿੱਚ ਝੋਨੇ ਦੀ ਬਿਜਾਈ ਲਈ ਰੋਜ਼ਾਨਾ ਡੀਜ਼ਲ ਫੂਕ ਰਹੇ ਸਨ ਪਰ ਹੁਣ ਭਾਰੀ ਮੀਂਹ ਉਨ੍ਹਾਂ ਨੂੰ ਰਾਹਤ ਦੇਵੇਗਾ ਅਤੇ ਝੋਨੇ ਦੀ ਬਿਜਾਈ ਵਿਚ ਤੇਜ਼ੀ ਆਵੇਗੀ।
ਸੀਵਰੇਜ ਸੁਚਾਰੂ ਢੰਗ ਨਾਲ ਨਾ ਚੱਲਣ ਕਾਰਨ ਹੋਇਆ ਨੁਕਸਾਨ: ਕਿਸਾਨ
ਮੰਡੀ ਵਿਚ ਮੱਕੀ ਦੀ ਫਸਲ ਵੇਚਣ ਆਏ ਕਿਸਾਨ ਦਵਿੰਦਰ ਸਿੰਘ ਤੇ ਤਾਰਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਅਚਨਚੇਤ ਆਇਆ ਮੀਂਹ ਕੁਦਰਤੀ ਕਰੋਪੀ ਹੈ ਜਿਸ ਨਾਲ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਮੰਡੀ ਵਿਚ ਸੀਵਰੇਜ ਸੁਚਾਰੂ ਢੰਗ ਨਾਲ ਚੱਲਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਜਿਸ ਕਾਰਨ ਫਸਲ ਪਾਣੀ ਵਿਚ ਡੁੱਬ ਕੇ ਖ਼ਰਾਬ ਹੋ ਗਈ। ਭਾਵੇਂ ਆੜ੍ਹਤੀਆਂ ਵਲੋਂ ਮਜ਼ਦੂਰਾਂ ਨੂੰ ਤਰਪਾਲਾਂ ਆਦਿ ਦੇ ਕੇ ਫਸਲ ਢੱਕ ਦਿੱਤਾ ਪਰ ਤੇਜ਼ ਆਈ ਹਨ੍ਹੇਰੀ ਕਾਰਨ ਸਭ ਕੁਝ ਉੱਡ ਗਿਆ ਤੇ ਫਸਲ ਖ਼ਰਾਬ ਹੋ ਗਈ।
ਪ੍ਰਬੰਧ ਮੁਕੰਮਲ ਪਰ ਕੁਦਰਤ ਅੱਗੇ ਬੇਵੱਸ ਹੋਏ: ਆੜ੍ਹਤੀ ਅਰਵਿੰਦਰਪਾਲ ਵਿੱਕੀ
ਆੜ੍ਹਤੀ ਐਸੋਸ਼ੀਏਸ਼ਨ ਦੇ ਸੂਬਾ ਸਕੱਤਰ ਅਰਵਿੰਦਰਪਾਲ ਸਿੰਘ ਵਿੱਕੀ ਨੇ ਕਿਹਾ ਕਿ ਅਚਾਨਕ ਆਏ ਮੀਂਹ ਕਾਰਨ ਮੰਡੀ ਵਿਚ ਪਹੁੰਚੀ ਮੱਕੀ ਦੀ ਫਸਲ ਕਾਫ਼ੀ ਹੱਦ ਤੱਕ ਸੰਭਾਲੀ ਗਈ ਸੀ ਪਰ ਤੇਜ਼ ਹਵਾ ਅੱਗੇ ਅਸੀਂ ਬੇਵੱਸ ਹੋ ਗਏ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਦੀ ਫਸਲ ਆਉਣ ਵਾਲੇ ਦਿਨਾਂ ਵਿਚ ਸੰਭਾਲ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਕੋਲ ਮਜ਼ਦੂਰਾਂ ਦੀ ਘਾਟ ਨਹੀਂ ਹੈ ਪਰ ਫਿਰ ਵੀ ਉਹ ਕੁਦਰਤ ਅੱਗੇ ਬੇਵੱਸ ਹੋ ਜਾਂਦੇ ਹਨ।