ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਸਨ ਮਹਾਰਾਜ ਸਿੰਘ: Kultar Singh Sandhwan
ਸਪੀਕਰ ਨੇ ਪਿੰਡ ਰੱਬੋਂ ਉੱਚੀ ਵਿੱਚ ਮਹਾਰਾਜ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ
ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਪਿੰਡ ਰੱਬੋਂ ਉੱਚੀ ਸਥਿਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਬਾਬਾ ਮਹਾਰਾਜ ਸਿੰਘ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸੰਤ ਜਗਜੀਤ ਸਿੰਘ ਹਰਖੋਵਾਲ, ਸੰਤ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ ਅਤੇ ਸੰਤ ਹਰਨੇਕ ਸਿੰਘ ਲੰਗਰਾਂ ਵਾਲੇ ਸਮੇਤ ਕਈ ਪ੍ਰਮੁੱਖ ਧਾਰਮਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਹਾਜ਼ਰ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਬਾ ਮਹਾਰਾਜ ਸਿੰਘ ਦੇਸ਼ ਭਗਤੀ ਦੀ ਅਦੁੱਤੀ ਮਿਸਾਲ ਸਨ, ਜਿਨ੍ਹਾਂ ਨੇ ਪਹਿਲੀ ਸਿੱਖ-ਅੰਗਰੇਜ਼ ਜੰਗ ਤੋਂ ਬਾਅਦ ਪੰਜਾਬ ਵਿੱਚ ਅੰਗਰੇਜ਼ਾਂ ਵਿਰੁੱਧ ਜ਼ੋਰਦਾਰ ਮੁਹਿੰਮ ਚਲਾਈ। ਉਨ੍ਹਾਂ ਇਤਿਹਾਸਕ ਤੱਥਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਵੇਂ 1857 ਦੇ ਵਿਦਰੋਹ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਵਜੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ, ਪਰ ਇਤਿਹਾਸ ਗਵਾਹ ਹੈ ਕਿ ਬਾਬਾ ਮਹਾਰਾਜ ਸਿੰਘ ਨੇ ਉਸ ਤੋਂ ਪਹਿਲਾਂ ਹੀ ਆਖ਼ਰੀ ਸਿੱਖ ਹੁਕਮਰਾਨ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੇ ਚੁੰਗਲ ਤੋਂ ਛੁਡਾਉਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਸੀ। ਅੰਗਰੇਜ਼ਾਂ ਨੂੰ ਸੂਹ ਮਿਲਣ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਸਿੰਗਾਪੁਰ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ, ਜਿੱਥੇ ਸਖ਼ਤ ਤੰਗੀਆਂ ਝੱਲਦਿਆਂ 5 ਜੁਲਾਈ 1856 ਨੂੰ ਉਹ ਸ਼ਹੀਦ ਹੋ ਗਏ।
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ਼ਹੀਦ ਨੂੰ ਨਮਨ ਕਰਦਿਆਂ ਦੱਸਿਆ ਕਿ ਬਾਬਾ ਜੀ ਨੇ ਜੇਲ੍ਹ ਦੀ ਕਾਲ ਕੋਠੜੀ ਵਿੱਚ ਛੇ ਸਾਲ ਨਾਮ ਸਿਮਰਨ ਕਰਦਿਆਂ ਗੁਜ਼ਾਰੇ, ਜਿੱਥੇ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਅਤੇ ਉਹ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਏ। ਗਿਆਸਪੁਰਾ ਅਤੇ ਸੰਧਵਾਂ ਨੇ ਬਾਬਾ ਜੀ ਦੀ ਯਾਦ ਵਿੱਚ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਾਉਣ ਲਈ ਸੰਤ ਜਗਜੀਤ ਸਿੰਘ ਹਰਖੋਵਾਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪਿੰਡ ਰੱਬੋਂ ਉੱਚੀ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ਼ ਗਰਾਂਟਾਂ ਤੇ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸੰਤ ਹਰਖੋਵਾਲ ਵੱਲੋਂ ਸਪੀਕਰ ਸੰਧਵਾਂ ਅਤੇ ਵਿਧਾਇਕ ਗਿਆਸਪੁਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ, ਕਰਨ ਸਿਹੌੜਾ ਆਦਿ ਹਾਜ਼ਰ ਸਨ।
