Maha Sabha Ludhiana Meeting: ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ
ਫੋਨ ਨਾ ਚੁੱਕਣ ਵਾਲੇ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਮੰਗੀ
ਸਮਾਜ ਸੇਵੀ ਸੰਸਥਾ ਮਹਾਂ ਸਭਾ ਲੁਧਿਆਣਾ ਦੀ ਵਿਸ਼ੇਸ਼ ਮੀਟਿੰਗ ਅੱਜ ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਚ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰੀ ਮੋਬਾਈਲ ਫੋਨਾਂ, ਸਰਕਾਰੀ ਨੰਬਰਾਂ ਅਤੇ ਮੋਬਾਈਲ ਭੱਤਿਆਂ ਦੀ ਵਰਤੋਂ ਕਰਨ ਵਾਲੇ ਅਧਿਕਾਰੀਆਂ ਸਬੰਧੀ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ, ਤਾਂ ਜੋ ਸਰਕਾਰੀ ਸੰਚਾਰ ਪ੍ਰਣਾਲੀ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਇਆ ਜਾ ਸਕੇ। ਮੀਟਿੰਗ ਦੀ ਕਾਰਵਾਈ ਸਾਂਝੀ ਕਰਦਿਆਂ ਜਨਰਲ ਸਕੱਤਰ ਜਸਵੰਤ ਜ਼ੀਰਖ ਨੇ ਦੱਸਿਆ ਕਿ ਯੂਨੀਵਰਸਲ ਹਿਊਮਨ ਰਾਈਟਸ ਆਰਗਨਾਈਜ਼ੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ ਵੱਲੋਂ ਇਸ ਸਬੰਧੀ ਮੁੱਖ ਮੰਤਰੀ, ਮੁੱਖ ਸਕੱਤਰ ਅਤੇ ਡੀ ਜੀ ਪੀ ਪੰਜਾਬ ਨੂੰ ਪਹਿਲਾਂ ਹੀ ਪੱਤਰ ਭੇਜੇ ਜਾ ਚੁੱਕੇ ਹਨ। ਆਗੂਆਂ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਮੋਬਾਈਲ ਜਾਂ ਭੱਤਾ ਲੋਕਾਂ ਦੇ ਸੰਪਰਕ ਤੋਂ ਬਚਣ ਲਈ ਨਹੀਂ, ਸਗੋਂ ਲੋਕਾਂ ਤੱਕ ਸੇਵਾਵਾਂ ਪਹੁੰਚਾਉਣ ਲਈ ਹਨ। ਇਸ ਲਈ ਡਿਊਟੀ ਸਮੇਂ ਅਧਿਕਾਰੀਆਂ ਦੇ ਫੋਨ ਹਰ ਸਮੇਂ ਚਾਲੂ ਰਹਿਣੇ ਚਾਹੀਦੇ ਹਨ ਅਤੇ ਵ੍ਹਟਸਐਪ ਆਦਿ ’ਤੇ ਅਜਿਹੀਆਂ ਪ੍ਰਾਈਵੇਸੀ ਸੈਟਿੰਗਾਂ ਨਹੀਂ ਹੋਣੀਆਂ ਚਾਹੀਦੀਆਂ ਜਿਸ ਨਾਲ ਸੰਦੇਸ਼ ਪਹੁੰਚਣ ਦੀ ਪੁਸ਼ਟੀ ਨਾ ਹੋ ਸਕੇ। ਸੰਸਥਾਵਾਂ ਨੇ ਮੰਗ ਕੀਤੀ ਕਿ ਫੋਨ ਨਾ ਚੁੱਕਣ ਜਾਂ ਸੰਦੇਸ਼ਾਂ ਦਾ ਜਵਾਬ ਨਾ ਦੇਣ ਵਾਲੇ ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਕਰਦਿਆਂ ਉਨ੍ਹਾਂ ਦਾ ਮੋਬਾਈਲ ਭੱਤਾ ਰੋਕਿਆ ਜਾਵੇ। ਇਸ ਮੌਕੇ ਸੁਨੇਤ ਦੇ ਪੁਰਾਣੇ ਇਤਿਹਾਸ ਨੂੰ ਦਰਸਾਉਂਦਾ ਮਿਊਜ਼ੀਅਮ ਕਮ ਹਾਲ ਬਣਾਉਣ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਬਲਵਿੰਦਰ ਸਿੰਘ, ਮਾਸਟਰ ਸੁਰਜੀਤ ਸਿੰਘ, ਰਾਕੇਸ਼ ਆਜ਼ਾਦ, ਹਰਪ੍ਰੀਤ ਜ਼ੀਰਖ, ਸੁਬੇਗ ਸਿੰਘ ਫੌਜੀ ਅਤੇ ਸਤੀਸ਼ ਸੱਚਦੇਵਾ ਹਾਜ਼ਰ ਸਨ।

