ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਝਾੜ ਘਟਣ ਕਾਰਨ ਮਾਛੀਵਾੜਾ ਦੇ ਕਿਸਾਨਾਂ ਨੂੰ ਸੌ ਕਰੋੜ ਦਾ ਘਾਟਾ

ਬੌਣੇ ਵਾਇਰਸ ਜਾਂ ਹਲਦੀ ਰੋਗ ਦੀ ਭੇਟ ਚਡ਼੍ਹੇ ਝੋਨੇ ਦੇ ਮੁਅਾਵਜ਼ੇ ਦੀ ਮੰਗ
Advertisement

ਕਿਸਾਨਾਂ ਲਈ ਝੋਨੇ ਦੀ ਫ਼ਸਲ ਇਸ ਵਾਰ ਬੇਹੱਦ ਘਾਟੇ ਵਾਲਾ ਸੌਦਾ ਸਾਬਤ ਹੋਈ ਹੈ। ਹੜ੍ਹਾਂ ਦੀ ਮਾਰ, ਬਿਮਾਰੀਆਂ ਕਾਰਨ ਝਾੜ ਘੱਟ ਨਿਕਲਿਆ ਹੈ, ਜਿਸ ਕਾਰਨ ਕੇਵਲ ਮਾਛੀਵਾੜਾ ਇਲਾਕੇ ਨਾਲ ਸਬੰਧਤ ਕਿਸਾਨਾਂ ਨੂੰ ਹੀ 100 ਕਰੋੜ ਰੁਪਏ ਦਾ ਵੱਡਾ ਘਾਟਾ ਸਹਿਣਾ ਪਿਆ ਹੈ। ਮਾਛੀਵਾੜਾ ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਵਾਰ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ 10 ਲੱਖ 15 ਹਜ਼ਾਰ ਕੁਇੰਟਲ ਫਸਲ ਦੀ ਖਰੀਦ ਹੋਈ। ਪਿਛਲੇ ਸਾਲ ਮਾਛੀਵਾੜਾ ਮੰਡੀ ਵਿੱਚੋਂ 13 ਲੱਖ 70 ਹਜ਼ਾਰ ਕੁਇੰਟਲ ਝੋਨਾ ਖਰੀਦਿਆ ਗਿਆ ਸੀ।

ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 3 ਲੱਖ 55 ਹਜ਼ਾਰ ਕੁਇੰਟਲ ਝੋਨੇ ਦਾ ਘੱਟ ਝਾੜ ਨਿਕਲਿਆ। ਬਾਸਮਤੀ ਦੀ ਗੱਲ ਕਰੀਏ ਤਾਂ ਮਾਛੀਵਾੜਾ ਇਲਾਕੇ ਵਿੱਚ ਬਾਸਮਤੀ ਦੀ ਬੰਪਰ ਪੈਦਾਵਾਰ ਹੁੰਦੀ ਹੈ ਅਤੇ ਪਿਛਲੇ ਸਾਲ ਮੰਡੀ ਵਿੱਚ 1 ਲੱਖ 67 ਹਜ਼ਾਰ ਕੁਇੰਟਲ ਬਾਸਮਤੀ ਦੀ ਖਰੀਦ ਹੋਈ ਸੀ ਪਰ ਇਸ ਵਾਰ ਘੱਟ ਝਾੜ ਨਿਕਲਣ ਕਾਰਨ ਇਹ 1 ਲੱਖ 13 ਹਜ਼ਾਰ ਕੁਇੰਟਲ ਤੱਕ ਸੀਮਤ ਰਹਿ ਗਈ ਹੈ। ਮਾਛੀਵਾੜਾ ਇਲਾਕੇ ਦੇ ਕਿਸਾਨਾਂ ਨੇ ਭਾਵੇਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਪ੍ਰਮਾਣਿਤ ਝੋਨੇ ਦੇ ਬੀਜ ਖਰੀਦ ਕੇ ਬੀਜੇ ਪਰ ਹਾਲਾਤ ਇਹ ਬਣੇ ਕਿ ਇਸ ਵਾਰ ਝੋਨੇ ਦੀ ਫ਼ਸਲ ਨੂੰ ਬੌਣਾ ਵਾਇਰਸ ਤੇ ਹਲਦੀ ਰੋਗ ਦੀ ਅਜਿਹੀ ਮਾਰ ਪਈ ਕਿ ਪਿਛਲੇ ਸਾਲ ਜਿਸ ਝੋਨੇ ਦਾ ਝਾੜ 30 ਤੋਂ 32 ਕੁਇੰਟਲ ਪ੍ਰਤੀ ਏਕੜ ਨਿਕਲਦਾ ਸੀ, ਉਹ ਇਸ ਵਾਰ 15 ਤੋਂ 22 ਕੁਇੰਟਲ ਤੱਕ ਸੀਮਿਤ ਰਹਿ ਗਿਆ। ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਫਸਲ ਨੂੰ ਲੱਗੀਆਂ ਬਿਮਾਰੀਆਂ ਕਾਰਨ 30 ਫੀਸਦੀ ਤੋਂ ਵੱਧ ਫਸਲ ਦਾ ਝਾੜ ਘੱਟ ਨਿਕਲਿਆ ਹੈ। ਜਿਹੜੇ ਕਿਸਾਨਾਂ ਦੀ ਫਸਲ ਬੌਣਾ ਵਾਈਰਸ ਤੇ ਹਲਦੀ ਮਾਰ ਹੇਠਾਂ ਆ ਗਈ ਅਤੇ ਕਈ ਕਿਸਾਨਾਂ ਦੀ ਫਸਲ ਦਾ ਝਾੜ ਤਾਂ 8 ਤੋਂ 10 ਕੁਇੰਟਲ ਪ੍ਰਤੀ ਏਕੜ ਨਿਕਲਿਆ ਉਨ੍ਹਾਂ ਨੂੰ ਨਾ ਕੇਂਦਰ ਅਤੇ ਨਾ ਹੀ ਪੰਜਾਬ ਸਰਕਾਰ ਨੇ ਕੋਈ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਪੰਜਾਬ ਦੇ ਸਿਆਸੀ ਆਗੂਆਂ, ਕਿਸਾਨ ਜਥੇਬੰਦੀਆਂ ਵੱਲੋਂ ਸੂਬਾ ਤੇ ਕੇਂਦਰ ਸਰਕਾਰ ਅੱਗੇ ਅਪੀਲਾਂ ਵੀ ਕੀਤੀਆਂ ਗਈਆਂ ਕਿ ਇਸ ਵਾਰ ਝੋਨੇ ਦਾ ਝਾੜ ਬਹੁਤ ਘੱਟ ਹੈ, ਜਿਸ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਜਾਂ ਬੋਨਸ ਦਿੱਤਾ ਜਾਵੇ ਪਰ ਪੰਜਾਬ ਦੀ ਡੁੱਬਦੀ ਕਿਸਾਨੀ ਦੀ ਹਾਲੇ ਤੱਕ ਕਿਸੇ ਨੇ ਸਾਰ ਨਾ ਲਈ।

Advertisement

ਝਾੜ ਘੱਟ ਨਿਕਲਣ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਵੀ ਆਰਥਿਕ ਘਾਟਾ ਪਿਆ: ਕੁੰਦਰਾ

ਮਾਛੀਵਾੜਾ ਇਲਾਕੇ ਵਿਚ ਝੋਨੇ ਦੀ 100 ਕਰੋੜ ਰੁਪਏ ਦੀ ਫਸਲ ਘਟ ਜਾਣ ਕਾਰਨ ਆੜ੍ਹਤੀ ਵੀ ਹਾਲੋ ਬੇਹਾਲ ਦਿਖ ਰਹੇ ਹਨ। ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਝੋਨੇ ਦੀ ਫਸਲ ਜਿੱਥੇ ਕਿਸਾਨਾਂ ਲਈ ਘਾਟੇ ਵਾਲਾ ਸੌਦਾ ਸਾਬਿਤ ਹੋਈ ਹੈ, ਉੱਥੇ ਆੜ੍ਹਤੀ ਵੀ ਚਿੰਤਤ ਹਨ ਕਿ ਉਨ੍ਹਾਂ ਦਾ ਕਿਸਾਨਾਂ ਨੂੰ ਦਿੱਤਾ ਕਰਜ਼ਾ ਕਿਵੇਂ ਮੁੜੇਗਾ? ਉਨ੍ਹਾਂ ਕਿਹਾ ਕਿ ਕਿਸਾਨਾਂ ਤੋਂ ਪਿਛਲਾ ਕਰਜ਼ਾ ਤਾਂ ਕੀ ਮੁੜਨਾ ਸੀ ਬਲਕਿ ਉਹ ਫਸਲ ਬਿਜਾਈ ਤੇ ਠੇਕੇ ’ਤੇ ਲਈਆਂ ਜ਼ਮੀਨਾਂ ਲਈ ਹੋਰ ਪੇਸ਼ਗੀ ਦੀ ਮੰਗ ਕਰ ਰਹੇ ਹਨ, ਜਿਸ ਨੂੰ ਦੇਣ ਲਈ ਆੜ੍ਹਤੀ ਵਰਗ ਅਸਮਰੱਥ ਹੈ ਜਿਸ ਕਾਰਨ ਕਾਰੋਬਾਰ ਵੀ ਸਥਿਤੀ ਡਾਂਵਾਡੋਲ ਹੋਈ ਪਈ ਹੈ। ਉਨ੍ਹਾਂ ਕਿਹਾ ਕਿ 100 ਕਰੋੜ ਦੀ ਫਸਲ ਘਟ ਜਾਣ ਕਾਰਨ ਆੜ੍ਹਤੀਆਂ ਦਾ ਸਿੱਧੇ ਤੌਰ ’ਤੇ 2.50 ਕਰੋੜ ਕਮਿਸ਼ਨ ਹੀ ਘਟ ਗਿਆ ਉੱਥੇ ਦੂਸਰੇ ਪਾਸੇ ਮਾਛੀਵਾੜਾ ਮਾਰਕੀਟ ਕਮੇਟੀ ਨੂੰ ਵੀ 5 ਕਰੋੜ ਰੁਪਏ ਮਾਰਕੀਟ ਫੀਸ ਤੇ ਆਰ ਡੀ ਐੱਫ ਦਾ ਘਾਟਾ ਸਹਿਣਾ ਪਿਆ। ਦੂਸਰੇ ਪਾਸੇ ਮੰਡੀ ਵਿੱਚ ਬਿਹਾਰ, ਯੂ ਪੀ ਤੇ ਹੋਰ ਰਾਜਾਂ ਤੋਂ ਆਏ ਮਜ਼ਦੂਰ ਵਰਗ ਨੂੰ ਵੀ ਆਰਥਿਕ ਘਾਟਾ ਪਿਆ ਕਿਉਂਕਿ ਘੱਟ ਝਾੜ ਕਾਰਨ ਇਸ ਵਾਰ ਸੀਜ਼ਨ ਠੰਢਾ ਰਿਹਾ ਤੇ ਉਨ੍ਹਾਂ ਨੂੰ ਆਸ ਮੁਤਾਬਕ ਪੂਰਾ ਰੁਜ਼ਗਾਰ ਨਾ ਮਿਲਿਆ।

Advertisement
Show comments