ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 10 ਅਗਸਤ
ਗਾਵਾਂ ਤੇ ਮੱਝਾਂ ’ਚ ਫੈਲੀ ਲੰਪੀ ਸਕਿਨ ਦੀ ਬਿਮਾਰੀ ਬਾਰੇ ਸਰਕਾਰ ਵੱਲੋਂ ਹਾਲਾਤ ਕਾਬੂ ਹੇਠ ਹੋਣ ਤੇ ਟੀਕਾਕਰਨ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਪਸ਼ੂਆਂ ਦਾ ਮਰਨਾ ਜਾਰੀ ਹੈ। ਜਗਰਾਉਂ ਸ਼ਹਿਰ ਸਣੇ ਇਲਾਕੇ ਦੇ ਕਈ ਪਿੰਡਾਂ ’ਚ ਹੁਣ ਤੱਕ ਵੱਡੀ ਗਿਣਤੀ ਪਸ਼ੂ ਮਰ ਚੁੱਕੇ ਹਨ। ਜਗਰਾਉਂ ਨੇੜਲੇ ਪਿੰਡ ਦੇਹੜਕਾ ਵਿਚ ਹੁਣ ਤੱਕ ਇਕ ਦਰਜਨ ਤੋਂ ਵਧੇਰੇ ਗਾਵਾਂ ਦੀ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਲਖਵੀਰ ਸਿੰਘ ਲੱਖੀ ਦੀਆਂ ਤਿੰਨ ਗਾਵਾਂ, ਡਾ. ਅਮਰਜੀਤ ਸਿੰਘ ਦੀਆਂ ਦੋ, ਗੁਰਮੀਤ ਸਿੰਘ ਸਿੱਧੂ ਦੀਆਂ ਦੋ, ਅਮਰਜੀਤ ਸਿੰਘ ਦੀ ਇਕ, ਸ਼ਰਨਜੀਤ ਸਿੰਘ ਦੀ ਇਕ, ਭੁਪਿੰਦਰ ਸਿੰਘ ਦੀਆਂ ਦੋ, ਜਗਦੀਪ ਸਿੰਘ ਦੀ ਇਕ, ਅਵਤਾਰ ਸਿੰਘ ਤਾਰੀ ਦੀ ਇਕ, ਭਗਵੰਤ ਸਿੰਘ ਦੀ ਇਕ ਗਾਂ ਮਰ ਚੁੱਕੀ ਹੈ। ਇਸ ਤੋਂ ਇਲਾਵਾ ਕਈ ਹੋਰ ਗਾਵਾਂ ਬਿਮਾਰੀ ਤੋਂ ਪੀੜਤ ਹਨ।
ਇਲਾਕੇ ’ਚ ਵੱਡੀ ਗਿਣਤੀ ’ਚ ਪਸ਼ੂ ਕਰ ਕੇ ਸਮੱਸਿਆ ਪੈਦਾ ਹੋਣ ਲੱਗੀ ਹੈ। ਮਰਨ ਵਾਲੇ ਪਸ਼ੂ ਚੁੱਕਣ ਵਾਲੇ ਨਹੀਂ ਮਿਲ ਰਹੇ। ਲੋਕ ਖੁੱਲ੍ਹੇ ’ਚ ਮ੍ਰਿਤਕ ਪਸ਼ੂ ਸੁੱਟਣ ਲਈ ਮਜਬੂਰ ਹਨ। ਹਾਲਾਂਕਿ ਸਰਕਾਰ ਤੇ ਵਿਭਾਗ ਮਰਨ ਵਾਲੇ ਪਸ਼ੂਆਂ ਨੂੰ ਦੱਬਣ ਲਈ ਅਪੀਲ ਕਰ ਰਹੇ ਹਨ। ਵੇਰਵਿਆਂ ਅਨੁਸਾਰ ਪਿੰਡਾਂ ਵਿੱਚ ਹੱਡਾ ਰੋੜੀ ’ਚ ਪਸ਼ੂ ਸੁੱਟਣ ਲਈ ਥਾਂ ਦੀ ਘਾਟ ਪੈਦਾ ਹੋ ਰਹੀ ਹੈ। ਮਰੇ ਪਸ਼ੂ ਚੁੱਕਣ ਵਾਲੇ ਪਹਿਲਾਂ ਇਕ ਪਸ਼ੂ ਚੁੱਕਣ ਲਈ 500 ਰੁਪਏ ਲੈਂਦੇ ਸਨ ਜੋ ਹੁਣ ਇੱਕ ਹਜ਼ਾਰ ਰੁਪਏ ਮੰਗ ਰਹੇ ਹਨ। ਲੋਕ ਖ਼ੁਦ ਹੀ ਆਪਣੇ ਮਰੇ ਪਸ਼ੂਆਂ ਨੂੰ ਹੱਡਾਰੋੜੀ ’ਚ ਸੁੱਟਣ ਲਈ ਮਜਬੂਰ ਹਨ।
ਵੈਟਰਨਰੀ ਡਾਕਟਰ ਹਰਦਿਆਲ ਸਿੰਘ ਤੇ ਡਾ. ਪਰਸ਼ੋਤਮ ਨੇ ਅਪੀਲ ਕੀਤੀ ਹੈ ਕਿ ਮਰੇ ਪਸ਼ੂਆਂ ਨੂੰ ਦੱਬਿਆ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗ ਹਰ ਸੰਭਵ ਯਤਨ ਕਰ ਕੇ ਵੈਕਸੀਨ ਮੁਹੱਈਆ ਕਰਵਾ ਰਿਹਾ ਹੈ।
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਇਲਾਕੇ ਦੇ ਦੁਧਾਰੂ ਪਸ਼ੂਆਂ ਵਿੱਚ ਦੀ ਲੰਪੀ ਸਕਿਨ ਰੋਗ ਫੈਲਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਪੀੜਤ ਕਿਸਾਨਾਂ ਨੂੰ ਡਾਕਟਰੀ ਸਹਾਇਤਾ ਦੇਣ ਦੇ ਨਾਲ ਨਾਲ ਵੱਖ ਵੱਖ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।
ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਸੁਖਵਿੰਦਰ ਸਿੰਘ ਨੂੰ ਨਾਲ ਲੈ ਕੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਆਪਣੇ ਵਾਲੰਟੀਅਰਾਂ ਰਾਹੀਂ ਪੀੜਤ ਡੇਅਰੀ ਫਾਰਮਰਾਂ ਕੋਲ ਲੋੜੀਂਦੀ ਕਾਰਵਾਈ ਲਈ ਡਾਕਟਰਾਂ ਦੀਆਂ ਟੀਮਾਂ ਭੇਜੀਆਂ।
ਇਸ ਤੋਂ ਇਲਾਵਾ ਵਿਧਾਇਕ ਨੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੀਨੀਅਰ ਕਲਾਸਾਂ ਵਿੱਚ ਪੜ੍ਹਦੇ ਵੈਟਰਨਰੀ ਡਾਕਟਰਾਂ ਅਤੇ ਇੰਟਰਨਸ਼ਿਪ ਕਰ ਰਹੇ ਡਾਕਟਰਾਂ ਨੂੰ ਵਾਲੰਟੀਅਰਾਂ ਵਜੋਂ ਪ੍ਰਭਾਵਿਤ ਇਲਾਕਿਆਂ ਦੇ ਡੇਅਰੀ ਫਾਰਮਰਾਂ ਦੀ ਮਦਦ ਲਈ ਭੇਜਿਆ ਜਾਵੇ।
ਇਸ ਦਰਮਿਆਨ ਡੀਸੀ ਮਾਲੇਰਕੋਟਲਾ ਸੰਯਮ ਅਗਰਵਾਲ ਨੇ ਸਥਿਤੀ ’ਤੇ ਕਾਬੂ ਪਾ ਲਏ ਜਾਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵੈਟਰਨਰੀ ਡਾਕਟਰਾਂ ਤੋਂ ਇਲਾਵਾ ਸਬੰਧਿਤ ਐਸਡੀਐਮਜ਼ ਨੂੰ ਆਪਣੇ ਆਪਣੇ ਖੇਤਰ ਵਿੱਚ ਚੌਕਸੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਸ਼ੂ ਪਾਲਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕਰੀਬ ਦੋ ਦਰਜਨ ਕੈਂਪ ਲਗਾਏ ਗਏ ਹਨ।
ਸਰਕਾਰ ਪਸ਼ੂਆਂ ਦੇ ਇਲਾਜ ਲਈ ਫੌਰੀ ਕਦਮ ਚੁੱਕੇ: ਇਯਾਲੀ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਨੇਕਾਂ ਪਸ਼ੂਆਂ ਦੀ ਬਿਮਾਰੀ ਨਾਲ ਮੌਤ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਚੁੱਕੇ ਕਦਮ ਕਿੱਧਰੇ ਨਜ਼ਰ ਨਹੀਂ ਆ ਰਹੇ। ਉਨ੍ਹਾਂ ਸਰਕਾਰ ਪਾਸੋਂ ਲੰਪੀ ਸਕਿਨ ਤੋਂ ਪੀੜਤ ਪਸ਼ੂਆਂ ਦੇ ਇਲਾਜ ਲਈ ਫੌਰੀ ਲੋੜੀਂਦੇ ਕਦਮ ਚੁੱਕੇ ਜਾਣ ਦੀ ਮੰਗ ਕੀਤੀ।