ਲੁਧਿਆਣਾ ਦੀਆਂ ਸੜਕਾਂ ’ਤੇ ਰੇਹੜ੍ਹੀ-ਫੜੀ ਵਾਲਿਆਂ ਦਾ ਕਬਜ਼ਾ : The Tribune India

ਲੁਧਿਆਣਾ ਦੀਆਂ ਸੜਕਾਂ ’ਤੇ ਰੇਹੜ੍ਹੀ-ਫੜੀ ਵਾਲਿਆਂ ਦਾ ਕਬਜ਼ਾ

ਲੁਧਿਆਣਾ ਦੀਆਂ ਸੜਕਾਂ ’ਤੇ ਰੇਹੜ੍ਹੀ-ਫੜੀ ਵਾਲਿਆਂ ਦਾ ਕਬਜ਼ਾ

ਲੁਧਿਆਣਾ-ਚੰਡੀਗੜ੍ਹ ਰੋਡ ਦੇ ਫੁੱਟਪਾਥ ’ਤੇ ਲੱਗੀ ਫੜੀ ਤੇ ਸੜਕ ’ਤੇ ਖੜ੍ਹੀ ਕੀਤੀ ਹੋਈ ਰੇਹੜੀ।

ਸਤਵਿੰਦਰ ਸਿੰਘ ਬਸਰਾ

ਲੁਧਿਆਣਾ, 4 ਦਸੰਬਰ

ਸਮਾਰਟ ਸਿਟੀ ਲੁਧਿਆਣਾ ਦੀਆਂ ਲਿੰਕ ਸੜਕਾਂ ਦੇ ਨਾਲ ਨਾਲ ਹੁਣ ਮੁੱਖ ਸੜਕਾਂ ਅਤੇ ਫੁੱਟਪਾਥਾਂ ’ਤੇ ਵੀ ਰੇਹੜ੍ਹੀਆਂ-ਫੜੀਆਂ ਵਾਲਿਆਂ ਨੇ ਪੱਕੇ ਕਬਜ਼ੇ ਕਰ ਲਏ ਹਨ। ਇਨ੍ਹਾਂ ਕਬਜ਼ਿਆਂ ਕਰਕੇ ਜਿੱਥੇ ਪੈਦਲ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਉੱਥੇ ਕਈ ਥਾਵਾਂ ’ਤੇ ਇਹ ਟ੍ਰੈਫਿਕ ਜਾਮ ਦਾ ਕਾਰਨ ਵੀ ਬਣਦੇ ਹਨ।

ਸ਼ਹਿਰ ਅਤੇ ਆਸ-ਪਾਸ ਦੀਆਂ ਸੜਕਾਂ ’ਤੇ ਅੱਜਕਲ੍ਹ ਰੇਹੜ੍ਹੀਆਂ-ਫੜੀਆਂ ਵਾਲਿਆਂ ਦੇ ਪੱਕੇ ਕਬਜ਼ੇ ਆਮ ਦਿਖਾਈ ਦੇਣ ਲੱਗ ਪਏ ਹਨ। ਕੁਝ ਮਹੀਨੇ ਪਹਿਲਾਂ ਜ਼ਿਲ੍ਹੇ ਦੇ ਸਾਬਕਾ ਪੁਲੀਸ ਕਮਿਸ਼ਨਰ ਵੱਲੋਂ ਸੜਕਾਂ, ਫੁੱਟਪਾਥਾਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਨਾਜਾਇਜ਼ ਫੜੀਆਂ, ਰੇਹੜ੍ਹੀਆਂ ਲਾਉਣ ਵਾਲਿਆਂ ਨੂੰ ਸਖਤੀ ਨਾਲ ਚੁਕਵਾ ਦਿੱਤਾ ਗਿਆ ਸੀ। ਪਰ ਉਨ੍ਹਾਂ ਦਾ ਕਿਸੇ ਹੋਰ ਜ਼ਿਲ੍ਹੇ ਵਿੱਚ ਤਬਾਦਲਾ ਹੁੰਦਿਆਂ ਹੀ ਸ਼ਹਿਰ ਅਤੇ ਆਸ-ਪਾਸ ਦੀਆਂ ਸੜਕਾਂ ’ਤੇ ਰੇਹੜੀਆਂ-ਫੜੀਆਂ ਵਾਲਿਆਂ ਤੋਂ ਦੁਬਾਰਾ ਨਾਜਾਇਜ਼ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ। ਹੁਣ ਤਾਂ ਕਈ ਲੋਕਾਂ ਨੇ ਲੁਧਿਆਣਾ-ਚੰਡੀਗੜ੍ਹ ਰੋਡ, ਲੁਧਿਆਣਾ-ਜਲੰਧਰ ਬਾਈਪਾਸ ਰੋਡ ਅਤੇ ਲੁਧਿਆਣਾ-ਫਿਰੋਜ਼ਪੁਰ ਰੋਡ ’ਤੇ ਫਲਾਂ, ਸਬਜ਼ੀਆਂ ਆਦਿਆਂ ਦੀਆਂ ਪੱਕੀਆਂ ਰੇਹੜੀਆਂ ਲਾ ਲਈਆਂ ਹਨ। ਇਨ੍ਹਾਂ ਵਿੱਚੋਂ ਕਈ ਫੜੀਆਂ ਤਾਂ ਸੜਕਾਂ ਦੇ ਕਿਨਾਰਿਆਂ ’ਤੇ ਪੈਦਲ ਰਾਹਗੀਰਾਂ ਲਈ ਬਣੇ ਫੁੱਟਪਾਥਾਂ ’ਤੇ ਲਗਾ ਦਿੱਤੀਆਂ ਗਈਆਂ ਹਨ ਜਿਸ ਕਰਕੇ ਲੋਕਾਂ ਨੂੰ ਪੈਦਲ ਲੰਘਣ ਲਈ ਮੁੱਖ ਸੜਕ ਤੋਂ ਹੋ ਕੇ ਲੰਘਣਾ ਪੈਂਦਾ ਹੈ ਅਤੇ ਇਸ ਕਾਰਨ ਕਈ ਵਾਰ ਉਹ ਹਾਦਸੇ ਦੇ ਸ਼ਿਕਾਰ ਵੀ ਹੋ ਜਾਂਦੇ ਹਨ।

ਉੱਧਰ ਸਮਾਜ ਸੇਵਕ ਮਹਿੰਦਰ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਡਾ. ਇੰਦਰਪ੍ਰੀਤ ਸਿੰਘ ਨਿੱਝਰ ਨੂੰ ਇੱਕ ਪੱਤਰ ਲਿਖ ਕਿ ਅਜਿਹੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਅਤੇ ਪੈਦਲ ਰਾਹਗੀਰਾਂ ਲਈ ਫੁੱਟਪਾਥ ਖਾਲੀ ਕਰਵਾਉਣ ਲਈ ਅਪੀਲ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੇ ਕਬਜ਼ੇ ਜਿੱਥੇ ਟ੍ਰੈਫਿਕ ਲਈ ਅੜਿੱਕਾ ਬਣਦੇ ਹਨ ਉੱਥੇ ਸਮਾਰਟ ਸ਼ਹਿਰ ਦੀ ਦਿਖ ਵੀ ਵਿਗਾੜ ਰਹੇ ਹਨ। ਸ੍ਰੀ ਸੇਖੋਂ ਨੇ ਕਿਹਾ ਕਿ ਭਾਵੇਂ ਨਿਗਮ ਵੱਲੋਂ ਰੇਹੜੀਆਂ ਵਾਲਿਆਂ ਤੋਂ ਟੈਕਸ ਦੇ ਰੂਪ ਵਿੱਚ ਪੈਸੇ ਵੀ ਲਏ ਜਾਂਦੇ ਹਨ ਪਰ ਪਹਿਲਾਂ ਹੀ ਟੈਕਸ ਦੇ ਰਹੇ ਲੋਕਾਂ ਦੇ ਲੰਘਣ ਲਈ ਫੁੱਟਪਾਥ ਖਾਲੀ ਕਰਵਾਉਣੇ ਵੀ ਬਹੁਤ ਜ਼ਰੂਰੀ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਨਿਗਮ ਨੇ ਪਿਛਲੇ ਕੁਝ ਦਿਨਾਂ ਤੋਂ ਸੜਕਾਂ ’ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਵਿਰੁੱਧ ਕਾਰਵਾਈ ਆਰੰਭ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All