DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ludhiana Weather: ਕਿਤੇ ਜਲਥਲ, ਕਿਤੇ ਸੋਕਾ

ਚੰਡੀਗੜ੍ਹ ਰੋਡ ਤੇ ਟਰਾਂਸਪੋਰਟ ਮਾਰਗ ਸਮੇਤ ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ ’ਤੇ ਪਾਣੀ ਖਡ਼੍ਹਿਆ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਵਿੱਚ ਭਾਰੀ ਮੀਂਹ ਮਗਰੋਂ ਸੜਕ ’ਤੇ ਖੜ੍ਹਾ ਪਾਣੀ। -ਫੋਟੋ: ਅਸ਼ਵਨੀ ਧੀਮਾਨ
Advertisement

ਪਿਛਲੇ ਕਈ ਦਿਨਾਂ ਤੋਂ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਟੁੱਟਵੇਂ ਮੀਂਹ ਪੈਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਅੱਜ ਸਵੇਰੇ ਵੀ ਲੁਧਿਆਣਾ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ, ਜਦਕਿ ਕਈ ਇਲਾਕੇ ਆਮ ਦਿਨਾਂ ਵਾਂਗ ਬਿਲਕੁਲ ਸੁੱਕੇ ਹੀ ਰਹਿ ਗਏ। ਇਸ ਭਾਰੀ ਮੀਂਹ ਕਾਰਨ ਜਿੱਥੇ ਸ਼ਹਿਰ ਦੀਆਂ ਕਈ ਨੀਵੀਆਂ ਸੜਕਾਂ ਉੱਤੇ ਪਾਣੀ ਭਰ ਗਿਆ, ਉੱਥੇ ਹੀ ਕੱਚੀਆਂ ਗਲੀਆਂ ਅਤੇ ਉਸਾਰੀ ਅਧੀਨ ਸੜਕਾਂ ਉੱਤੇ ਭਾਰੀ ਚਿੱਕੜ ਜਮ੍ਹਾਂ ਹੋ ਗਿਆ।

ਇਨ੍ਹਾਂ ਟੁੱਟਵੇਂ ਮੀਂਹਾਂ ਕਾਰਨ ਮੌਸਮ ਵਿੱਚ ਠੰਢਕ ਆਉਣ ਦੀ ਬਜਾਏ ਦਿਨੋ-ਦਿਨ ਹੁੰਮਸ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਅੱਜ ਸਵੇਰੇ ਸਾਢੇ ਕੁ ਛੇ ਵਜੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਅਚਾਨਕ ਭਾਰੀ ਮੀਂਹ ਪੈਣਾ ਸ਼ੁਰੂ ਹੋ ਗਿਆ। ਇਹ ਮੀਂਹ ਇੰਨਾ ਭਾਰੀ ਅਤੇ ਤੇਜ਼ ਸੀ ਕਿ ਦੇਖਦਿਆਂ ਹੀ ਦੇਖਦਿਆਂ ਸੜਕਾਂ ਉੱਤੇ ਕਈ-ਕਈ ਫੁੱਟ ਪਾਣੀ ਖੜ੍ਹਾ ਹੋ ਗਿਆ। ਇਸ ਕਾਰਨ ਆਪਣੇ ਘਰਾਂ ਵਿੱਚੋਂ ਜ਼ਰੂਰੀ ਕੰਮਾਂ ਲਈ ਬਾਹਰ ਨਿਕਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਣ ਦਾ ਮੌਕਾ ਵੀ ਨਹੀਂ ਮਿਲਿਆ।

Advertisement

ਇਸ ਤੇਜ਼ ਮੀਂਹ ਕਾਰਨ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੋਂ ਫੋਕਲ ਪੁਆਇੰਟ ਵੱਲ ਜਾਂਦੀ ਮੁੱਖ ਸੜਕ ਉੱਤੇ ਪੂਰਾ ਦਿਨ ਪਾਣੀ ਖੜ੍ਹਾ ਰਿਹਾ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਜਿਹਾ ਹੀ ਮਾੜਾ ਹਾਲ ਸਥਾਨਕ ਜਮਾਲਪੁਰ ਨੇੜੇ ਸਥਿਤ ਪੁਲੀਸ ਕਲੋਨੀ, ਵਰਧਮਾਨ ਰੋਡ, ਟਰਾਂਸਪੋਰਟ ਨਗਰ, ਸ਼ਿਵਾਜੀ ਨਗਰ, ਗਿੱਲ ਅਤੇ ਡੀ ਸੀ ਦਫ਼ਤਰ ਦੇ ਬਾਹਰ ਫਿਰੋਜ਼ਪੁਰ ਰੋਡ ਸਮੇਤ ਹੋਰ ਕਈ ਥਾਵਾਂ ਉੱਤੇ ਦੇਖਣ ਨੂੰ ਮਿਲਿਆ। ਇਸ ਦੇ ਉਲਟ, ਸ਼ਹਿਰ ਦੇ ਕਈ ਹਿੱਸੇ ਜਿਵੇਂ ਕਿ ਜੋਧੇਵਾਲ ਬਸਤੀ, ਤਾਜਪੁਰ ਰੋਡ ਅਤੇ ਹੈਬੋਵਾਲ ਖੁਰਦ ਆਦਿ ਇਲਾਕੇ ਬਿਲਕੁਲ ਸੁੱਕੇ ਹੀ ਰਹਿ ਗਏ ਅਤੇ ਉੱਥੇ ਮੀਂਹ ਦੀ ਇੱਕ ਬੂੰਦ ਵੀ ਨਹੀਂ ਪਈ। ਕਰੀਬ ਪੌਣਾ ਘੰਟਾ ਲਗਾਤਾਰ ਪਏ ਤੇਜ਼ ਮੀਂਹ ਤੋਂ ਬਾਅਦ ਅਸਮਾਨ ਵਿੱਚੋਂ ਨਿਕਲੀ ਤਿੱਖੀ ਧੁੱਪ ਨੇ ਮੌਸਮ ਨੂੰ ਠੰਢਾ ਕਰਨ ਦੀ ਬਜਾਏ ਹੋਰ ਵੀ ਜ਼ਿਆਦਾ ਹੁੰਮਸ ਵਾਲਾ ਬਣਾ ਦਿੱਤਾ।

Advertisement

28 ਨੂੰ ਮੁੜ ਮੀਂਹ ਦੀ ਪੇਸ਼ੀਨਗੋਈ

ਸ਼ਹਿਰ ਦਾ ਅੱਜ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਅਗਲੇ ਪੂਰੇ ਹਫ਼ਤੇ ਦੌਰਾਨ ਵੱਧ ਤੋਂ ਵੱਧ ਤਾਪਮਾਨ 36 ਤੋਂ 37 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 27 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਪੂਰੀ ਸੰਭਾਵਨਾ ਹੈ। ਇਸ ਦੌਰਾਨ ਵਿਭਾਗ ਵੱਲੋਂ ਆਉਂਦੇ ਸ਼ੁੱਕਰਵਾਰ 28 ਅਗਸਤ ਨੂੰ ਮੁੜ ਮੀਂਹ ਪੈਣ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ।

Advertisement
×